ਪਾਕਿਸਤਾਨ, 24 ਮਈ 2026: Suicide attack in Balochistan: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕਵੇਟਾ ‘ਚ ਚਮਨ ਗੇਟ ਰੇਲਵੇ ਟਰੈਕ ਨੇੜੇ ਐਤਵਾਰ ਨੂੰ ਇੱਕ ਆਤਮਘਾਤੀ ਹਮਲਾ ਹੋਇਆ ਹੈ, ਜਾਫਰ ਐਕਸਪ੍ਰੈਸ ਇਸ ਹਮਲੇ ਦੀ ਲਪੇਟ ‘ਚ ਆ ਗਈ । ਅਧਿਕਾਰੀਆਂ ਦੇ ਅਨੁਸਾਰ, ਇਸ ਹਾਦਸੇ ‘ਚ 30 ਜਣੇ ਮਾਰੇ ਗਏ ਅਤੇ 82 ਜ਼ਖਮੀ ਹੋ ਗਏ।
ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਧਮਾਕੇ ਸਮੇਂ ਟ੍ਰੇਨ ਕਵੇਟਾ ਕੈਂਟ ਵੱਲ ਜਾ ਰਹੀ ਸੀ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਕਈ ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਇਲਾਕੇ ‘ਚ ਦਹਿਸ਼ਤ ਫੈਲ ਗਈ। ਧਮਾਕੇ ਤੋਂ ਬਾਅਦ ਰੇਲਵੇ ਟਰੈਕ ਦੇ ਨੇੜੇ ਅੱਗ ਲੱਗ ਗਈ। ਫਾਇਰ ਬ੍ਰਿਗੇਡ, ਪੁਲਿਸ, ਬਚਾਅ ਟੀਮਾਂ ਅਤੇ ਸੁਰੱਖਿਆ ਬਲ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਪੁਲਿਸ ਨੇ ਦੱਸਿਆ ਕਿ ਧਮਾਕੇ ਦੇ ਪ੍ਰਭਾਵ ਨਾਲ ਨੇੜਲੀਆਂ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ। ਸੁਰੱਖਿਆ ਏਜੰਸੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਲੋਚਿਸਤਾਨ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਵਿਸ਼ੇਸ਼ ਸਹਾਇਕ ਬਾਬਰ ਯੂਸਫਜ਼ਈ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਘਟਨਾ ਸਥਾਨ ਦੇ ਆਲੇ-ਦੁਆਲੇ ਇਕੱਠੇ ਨਾ ਹੋਣ ਦੀ ਅਪੀਲ ਕੀਤੀ।
ਫਿਲਹਾਲ, ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਸੁਰੱਖਿਆ ਏਜੰਸੀਆਂ ਇਸਨੂੰ ਅੱਤਵਾਦੀ ਹਮਲੇ ਵਜੋਂ ਜਾਂਚ ਕਰ ਰਹੀਆਂ ਹਨ। ਜਫ਼ਰ ਐਕਸਪ੍ਰੈਸ ਪਾਕਿਸਤਾਨ ਰੇਲਵੇ ਦੁਆਰਾ ਚਲਾਈ ਜਾਣ ਵਾਲੀ ਇੱਕ ਵੱਡੀ ਲੰਬੀ ਦੂਰੀ ਦੀ ਯਾਤਰੀ ਰੇਲਗੱਡੀ ਹੈ। ਇਹ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਨੂੰ ਪਾਕਿਸਤਾਨ ਦੇ ਮੁੱਖ ਸ਼ਹਿਰਾਂ ਨਾਲ ਜੋੜਦੀ ਹੈ।
Read More: ਸ਼ੱਕੀ ਹਮਲਾਵਰ ਵੱਲੋਂ ਵ੍ਹਾਈਟ ਹਾਊਸ ਦੇ ਨੇੜੇ ਫਾਇਰਿੰਗ, ਡੋਨਾਲਡ ਟਰੰਪ ਅੰਦਰ ਸਨ ਮੌਜੂਦ



