Smart Roads in Haryana

ਹਰਿਆਣਾ ਦੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ‘ਚ ਬਣਨਗੇ ਸਮਾਰਟ ਰੋਡ

ਹਰਿਆਣਾ, 19 ਨਵੰਬਰ 2026: ਹਰਿਆਣਾ ਦੇ ਸ਼ਹਿਰਾਂ ‘ਚ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਹੁਣ ਕਮਿਊਨਿਟੀ ਸੈਂਟਰ ਆਧੁਨਿਕ ਅਤੇ ਇੱਕਸਾਰ ਡਿਜ਼ਾਈਨ ‘ਚ ਵਿਕਸਤ ਕੀਤੇ ਜਾਣਗੇ, ਉੱਥੇ ਹੀ ਸੜਕਾਂ ਨੂੰ ਵੀ ਸਮਾਰਟ ਰੋਡ ਵਜੋਂ ਵਿਕਸਤ ਕਰਕੇ ਸ਼ਹਿਰੀ ਸਹੂਲਤਾਂ ਨੂੰ ਨਵੀਂ ਪਛਾਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਸਬੰਧੀ ਵੀਰਵਾਰ ਨੂੰ ਅਧਿਕਾਰੀਆਂ ਨਾਲ ਬੈਠਕ ਕਰਕੇ ਕਮਿਊਨਿਟੀ ਸੈਂਟਰਾਂ ਦੇ ਸਟੈਂਡਰਡ ਡਿਜ਼ਾਈਨ ਅਤੇ ਸਮਾਰਟ ਰੋਡ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਦਿੱਤੇ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ‘ਚ ਵਿਕਸਤ ਕੀਤੇ ਜਾਣ ਵਾਲੇ ਕਮਿਊਨਿਟੀ ਸੈਂਟਰਾਂ ਦਾ ਡਿਜ਼ਾਈਨ ਅਜਿਹਾ ਹੋਣਾ ਚਾਹੀਦਾ ਹੈ, ਜੋ ਆਧੁਨਿਕ ਸਹੂਲਤਾਂ, ਬਿਹਤਰ ਵਰਤੋਂ ਅਤੇ ਨਾਗਰਿਕਾਂ ਦੀਆਂ ਲੋੜਾਂ ਦੇ ਅਨੁਕੂਲ ਹੋਵੇ। ਕਮਿਊਨਿਟੀ ਸੈਂਟਰ ਸਿਰਫ਼ ਸਮਾਜਿਕ ਅਤੇ ਭਾਈਚਾਰਕ ਸਮਾਗਮਾਂ ਦੇ ਸਥਾਨ ਹੀ ਨਹੀਂ, ਸਗੋਂ ਨਾਗਰਿਕਾਂ ਦੇ ਆਪਸੀ ਮੇਲ-ਜੋਲ ਅਤੇ ਸਮਾਜਿਕ ਗਤੀਵਿਧੀਆਂ ਦੇ ਪ੍ਰਮੁੱਖ ਕੇਂਦਰ ਵੀ ਹਨ। ਇਸ ਲਈ ਇਨ੍ਹਾਂ ਦੇ ਨਿਰਮਾਣ ‘ਚ ਗੁਣਵੱਤਾ, ਸੁੰਦਰਤਾ, ਸੁਖਾਲੀ ਪਹੁੰਚ ਅਤੇ ਹਰ ਉਮਰ ਵਰਗ ਦੇ ਲੋਕਾਂ ਦੀਆਂ ਲੋੜਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਮਿਊਨਿਟੀ ਸੈਂਟਰਾਂ ਲਈ ਇੱਕਸਾਰ ਅਤੇ ਮਿਆਰੀ ਡਿਜ਼ਾਈਨ ਤਿਆਰ ਕੀਤਾ ਜਾਵੇ, ਤਾਂ ਜੋ ਸੂਬੇ ਭਰ ‘ਚ ਇਨ੍ਹਾਂ ਦਾ ਰੂਪ ਸੁਚੱਜਾ ਅਤੇ ਆਕਰਸ਼ਕ ਹੋਵੇ। ਇਸ ਦੇ ਨਾਲ ਹੀ, ਨਿਰਮਾਣ ਕਾਰਜਾਂ ‘ਚ ਆਧੁਨਿਕ ਤਕਨੀਕ, ਮਿਆਰੀ ਸਮੱਗਰੀ ਅਤੇ ਉਪਲਬੱਧ ਥਾਂ ਦੀ ਬਿਹਤਰ ਵਰਤੋਂ ਯਕੀਨੀ ਬਣਾਈ ਜਾਵੇ।

ਮੁੱਖ ਮੰਤਰੀ ਨੇ ਸਮਾਰਟ ਰੋਡ ਪ੍ਰੋਜੈਕਟਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਸਮਾਰਟ ਰੋਡ ਦੇ ਨਿਰਮਾਣ ਵਿੱਚ ਬਿਹਤਰ ਸੜਕ ਡਿਜ਼ਾਈਨ, ਪੈਦਲ ਚੱਲਣ ਵਾਲਿਆਂ ਦੀ ਸਹੂਲਤ, ਢੁਕਵੀਂ ਰੌਸ਼ਨੀ (ਲਾਈਟਿੰਗ) ਦਾ ਪ੍ਰਬੰਧ, ਪਾਣੀ ਦੀ ਨਿਕਾਸੀ, ਹਰਿਆਲੀ ਅਤੇ ਹੋਰ ਜ਼ਰੂਰੀ ਨਾਗਰਿਕ ਸਹੂਲਤਾਂ ਨੂੰ ਪਹਿਲ ਦਿੱਤੀ ਜਾਵੇ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਯੋਜਨਾ ਬਣਾਉਂਦੇ ਸਮੇਂ ਭਵਿੱਖ ਦੀਆਂ ਲੋੜਾਂ ਨੂੰ ਵੀ ਧਿਆਨ ‘ਚ ਰੱਖਿਆ ਜਾਵੇ, ਤਾਂ ਜੋ ਵਿਕਸਤ ਹੋਣ ਵਾਲਾ ਬੁਨਿਆਦੀ ਢਾਂਚਾ ਲੰਬੇ ਸਮੇਂ ਤੱਕ ਨਾਗਰਿਕਾਂ ਲਈ ਲਾਹੇਵੰਦ ਸਾਬਤ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਪਰਾਲਾ ਹੈ ਕਿ ਸੂਬੇ ਦੇ ਸ਼ਹਿਰਾਂ ਨੂੰ ਯੋਜਨਾਬੱਧ, ਸਾਫ਼-ਸੁਥਰਾ, ਸੁੰਦਰ ਅਤੇ ਨਾਗਰਿਕਾਂ ਦੇ ਅਨੁਕੂਲ ਬਣਾਇਆ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਵਿਕਾਸ ਨਾਲ ਜੁੜੇ ਸਾਰੇ ਪ੍ਰੋਜੈਕਟਾਂ ‘ਚ ਗੁਣਵੱਤਾ, ਸਮੇਂ ਸਿਰ ਮੁਕੰਮਲ ਕਰਨਾ ਅਤੇ ਜਨਤਕ ਸਹੂਲਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ, ਤਾਂ ਜੋ ਸੂਬਾ ਵਾਸੀਆਂ ਨੂੰ ਬਿਹਤਰ ਸ਼ਹਿਰੀ ਸਹੂਲਤਾਂ ਦਾ ਲਾਭ ਮਿਲ ਸਕੇ।

ਬੈਠਕ ‘ਚ ਦੱਸਿਆ ਗਿਆ ਕਿ ਸਮਾਰਟ ਰੋਡ ਪ੍ਰੋਜੈਕਟ ਤਹਿਤ ਸੜਕਾਂ ਨੂੰ ਆਧੁਨਿਕ, ਸੁਰੱਖਿਅਤ ਅਤੇ ਨਾਗਰਿਕਾਂ ਲਈ ਵਧੇਰੇ ਸਹੂਲਤਜਨਕ ਬਣਾਉਣ ਦੇ ਉਦੇਸ਼ ਨਾਲ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਸਾਈਕਲ ਟਰੈਕ ਦਾ ਨਿਰਮਾਣ, ਦਿਵਿਆਂਗਜਨਾਂ ਦੀ ਸਹੂਲਤ ਲਈ ਟੈਕਟਾਈਲ ਫਲੋਰਿੰਗ ਵਾਲੇ ਪੈਦਲ ਰਸਤਿਆਂ ਦਾ ਵਿਕਾਸ, ਬੂਟੇ ਲਗਾਉਣਾ, ਮੁੱਖ ਸੜਕ ਮਾਰਗਾਂ ਦੀ ਮਜ਼ਬੂਤੀ, ਬਰਸਾਤੀ ਪਾਣੀ ਦੀ ਨਿਕਾਸੀ ਲਈ ਸਟੌਰਮ ਵਾਟਰ ਡਰੇਨ ਦਾ ਨਿਰਮਾਣ, ਸਟਰੀਟ ਲਾਈਟ ਅਤੇ ਹਾਈਮਾਸਟ ਲਾਈਟ ਦਾ ਪ੍ਰਬੰਧ, ਟ੍ਰੈਫਿਕ ਸੰਕੇਤਾਂ ਅਤੇ ਸੜਕ ਕਿਨਾਰੇ ਜ਼ਰੂਰੀ ਸਹੂਲਤਾਂ ਦਾ ਵਿਕਾਸ, ਜ਼ਮੀਨਦੋਜ਼ (ਅੰਡਰਗਰਾਊਂਡ) ਯੂਟਿਲਿਟੀ ਡਕਟ ਦਾ ਨਿਰਮਾਣ ਅਤੇ ਬਰਸਾਤੀ ਪਾਣੀ ਦੀ ਸੰਭਾਲ ਪ੍ਰਣਾਲੀ ਦੀ ਸਥਾਪਨਾ ਵਰਗੇ ਪ੍ਰਮੁੱਖ ਕੰਮ ਸ਼ਾਮਲ ਹਨ।

ਬੈਠਕ ‘ਚ ਦੱਸਿਆ ਗਿਆ ਕਿ ਸੂਬੇ ਦੀਆਂ ਸਾਰੀਆਂ 87 ਨਗਰ ਨਿਗਮਾਂ ਤੇ ਨਗਰ ਕੌਂਸਲਾਂ ‘ਚ ਸਮਾਰਟ ਰੋਡ ਵਿਕਸਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਨ੍ਹਾਂ ‘ਚੋਂ 11 ਨਗਰ ਇਕਾਈਆਂ ‘ਚ ਸਮਾਰਟ ਰੋਡ ਦਾ ਨਿਰਮਾਣ ਕਾਰਜ ਪ੍ਰਗਤੀ ਅਧੀਨ ਹੈ। ਇਸ ਤੋਂ ਇਲਾਵਾ, 10 ਨਗਰ ਇਕਾਈਆਂ ‘ਚ ਪ੍ਰੋਜੈਕਟ ਮਨਜ਼ੂਰੀ ਸਮੇਤ ਵੱਖ-ਵੱਖ ਪੜਾਵਾਂ ‘ਚ ਹੈ ਅਤੇ ਜਲਦੀ ਹੀ ਇੱਥੇ ਵੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉੱਥੇ ਹੀ, 23 ਨਗਰ ਇਕਾਈਆਂ ‘ਚ ਪ੍ਰੋਜੈਕਟ ਪ੍ਰਸ਼ਾਸਕੀ ਮਨਜ਼ੂਰੀ ਦੇ ਪੱਧਰ ’ਤੇ ਹਨ।

Read More: ਨਾਬਾਲਗ ਲੜਕੀ ਨਾਲ ਵਿਆਹ ਕਰਨ ਵਾਲੇ ਪੁਰਸ਼ ਨੂੰ ਹੋ ਸਕਦੀ ਹੈ ਦੋ ਸਾਲ ਕੈਦ ਜਾਂ 1 ਲੱਖ ਰੁਪਏ ਤੱਕ ਦਾ ਜੁਰਮਾਨਾ

ਵਿਦੇਸ਼

Scroll to Top