Child Marriage haryana

ਨਾਬਾਲਗ ਲੜਕੀ ਨਾਲ ਵਿਆਹ ਕਰਨ ਵਾਲੇ ਪੁਰਸ਼ ਨੂੰ ਹੋ ਸਕਦੀ ਹੈ ਦੋ ਸਾਲ ਕੈਦ ਜਾਂ 1 ਲੱਖ ਰੁਪਏ ਤੱਕ ਦਾ ਜੁਰਮਾਨਾ

ਹਰਿਆਣਾ, 19 ਨਵੰਬਰ 2026: ਹਰਿਆਣਾ ‘ਚ ਬਾਲ ਵਿਆਹ ਦੀ ਸਮਾਜਿਕ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ‘ਆਓ, ਮਿਲ ਕੇ ਬਣਾਈਏ ਬਾਲ ਵਿਆਹ ਮੁਕਤ ਭਾਰਤ-ਬਚਪਨ ਖਿੜਨ ਦਿਓ, ਸੁਪਨਿਆਂ ਨੂੰ ਉੱਡਣ ਦਿਓ’ ਦੇ ਸੰਦੇਸ਼ ਨਾਲ ਵਿਆਪਕ ਜਨ-ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਾਲ ਵਿਆਹਾਂ ਦੀ ਰੋਕਥਾਮ ਲਈ ਹਰਿਆਣਾ ਸਰਕਾਰ ਵੱਲੋਂ ਬਾਲ ਵਿਆਹ ਮਨਾਹੀ ਐਕਟ, 2006 ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਜ਼ਿਲ੍ਹਾ ਪੱਧਰ ’ਤੇ ਸੁਰੱਖਿਆ ਅਤੇ ਬਾਲ ਵਿਆਹ ਮਨਾਹੀ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਕਾਨੂੰਨ ਅਨੁਸਾਰ 18 ਸਾਲ ਤੋਂ ਘੱਟ ਉਮਰ ਦੀ ਲੜਕੀ ਅਤੇ 21 ਸਾਲ ਤੋਂ ਘੱਟ ਉਮਰ ਦੇ ਲੜਕੇ ਦਾ ਵਿਆਹ ਕਰਨਾ ਇੱਕ ਗੰਭੀਰ ਅਤੇ ਗੈਰ-ਜ਼ਮਾਨਤੀ ਅਪਰਾਧ ਹੈ।

ਅਜਿਹਾ ਕੋਈ ਵੀ ਵਿਅਕਤੀ ਜੋ ਬਾਲ ਵਿਆਹ ਕਰਵਾਉਂਦਾ ਹੈ, ਇਸ ਨੂੰ ਉਤਸ਼ਾਹਿਤ ਕਰਦਾ ਹੈ ਜਾਂ ਇਸ ‘ਚ ਸਹਾਇਤਾ ਕਰਦਾ ਹੈ, ਉਸ ਨੂੰ ਦੋ ਸਾਲ ਤੱਕ ਦੀ ਸਖ਼ਤ ਕੈਦ ਅਤੇ ਇੱਕ ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ, ਨਾਬਾਲਗ ਲੜਕੀ ਨਾਲ ਵਿਆਹ ਕਰਨ ਵਾਲੇ ਪੁਰਸ਼ ਨੂੰ ਵੀ ਦੋ ਸਾਲ ਤੱਕ ਦੀ ਸਖ਼ਤ ਕੈਦ ਜਾਂ ਇੱਕ ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ।

ਬੁਲਾਰੇ ਨੇ ਸਪੱਸ਼ਟ ਕੀਤਾ ਕਿ ਬਾਲ ਵਿਆਹ ਵਾਲਾ ਬੱਚਾ ਬਾਲਗ ਹੋਣ ਦੇ ਦੋ ਸਾਲਾਂ ਦੇ ਅੰਦਰ ਆਪਣੇ ਵਿਆਹ ਨੂੰ ਰੱਦ ਘੋਸ਼ਿਤ ਕਰਵਾ ਸਕਦਾ ਹੈ, ਅਤੇ ਸੂਬਾ ਸਰਕਾਰ ਵੱਲੋਂ ਇਸ ਐਕਟ ਦੀ ਧਾਰਾ 3 ਉਪ-ਧਾਰਾ (1) ਤਹਿਤ ਸੂਬੇ ਵਿੱਚ ਬਾਲ ਵਿਆਹ ਨੂੰ ਸਿਫ਼ਰ ਘੋਸ਼ਿਤ ਕਰ ਦਿੱਤਾ ਗਿਆ ਹੈ।

ਬੁਲਾਰੇ ਨੇ ਅੱਗੇ ਜਾਣਕਾਰੀ ਦਿੱਤੀ ਕਿ ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ 27 ਨਵੰਬਰ ਨੂੰ ਬਾਲ, ਘੱਟ ਉਮਰ ਅਤੇ ਜ਼ਬਰਦਸਤੀ ਵਿਆਹ ਦੇ ਖ਼ਾਤਮੇ ਲਈ ਅੰਤਰਰਾਸ਼ਟਰੀ ਦਿਵਸ ਵਜੋਂ ਨਿਰਧਾਰਤ ਕੀਤਾ ਗਿਆ ਹੈ ਅਤੇ ਭਾਰਤ ਲਈ ਇਹ ਦਿਨ ਇਸ ਲਈ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ 27 ਨਵੰਬਰ ਨੂੰ ਹੀ ‘ਬਾਲ ਵਿਆਹ ਮੁਕਤ ਭਾਰਤ ਮੁਹਿੰਮ’ ਦੀ ਸ਼ੁਰੂਆਤ ਦੀ ਵਰ੍ਹੇਗੰਢ ਮਨਾਈ ਜਾਂਦੀ ਹੈ।

ਇਸ ਮੌਕੇ ਬਾਲ ਵਿਆਹ ਵਿਰੁੱਧ ਜਨ-ਜਾਗਰੂਕਤਾ ਨੂੰ ਨਿਰੰਤਰ ਉਤਸ਼ਾਹਿਤ ਕਰਨ ਲਈ 21 ਅਕਤੂਬਰ ਤੋਂ 21 ਦਸੰਬਰ, 2026 ਤੱਕ ‘ਬਾਲ ਵਿਆਹ ਮੁਕਤ ਭਾਰਤ ਜਾਗਰੂਕਤਾ ਮਾਡਿਊਲ’ ਮੁੜ ਚਲਾਇਆ ਜਾ ਰਿਹਾ ਹੈ। ਕਿਉਂਕਿ ਇਹ ਸਮਾਂ ਵਿਆਹਾਂ ਦੇ ਮੁੱਖ ਸੀਜ਼ਨ ਨਾਲ ਮੇਲ ਖਾਂਦਾ ਹੈ, ਇਸ ਲਈ ਇਸ ਦੌਰਾਨ ਵਿਸ਼ੇਸ਼ ਚੌਕਸੀ, ਵਿਆਪਕ ਜਨ-ਜਾਗਰੂਕਤਾ ਅਤੇ ਪ੍ਰਭਾਵਸ਼ਾਲੀ ਰੋਕਥਾਮ ਕਾਰਵਾਈ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ, ਬਲਾਕਾਂ, ਤਹਿਸੀਲਾਂ, ਗ੍ਰਾਮ ਪੰਚਾਇਤਾਂ ਅਤੇ ਸਥਾਨਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ਤਹਿਤ ਵਿਆਪਕ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਅਤੇ 27 ਨਵੰਬਰ, 2026 ਨੂੰ ਅੰਤਰਰਾਸ਼ਟਰੀ ਦਿਵਸ ਮੌਕੇ ਬਾਲ ਵਿਆਹ ਦੇ ਖ਼ਾਤਮੇ ਲਈ ਸਮੂਹਿਕ ਯਤਨ ਯਕੀਨੀ ਬਣਾਉਣ। ਇਸ ਦੇ ਨਾਲ ਹੀ ਸੂਬਾ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਧੀਆਂ ਅਤੇ ਪੁੱਤਰਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਿੱਖਿਅਤ ਬਣਾਉਣ ਅਤੇ ਬਾਲ ਵਿਆਹ ਨਾ ਕਰਨ ਤੇ ਨਾ ਹੋਣ ਦੇਣ ਦੀ ਸਹੁੰ ਚੁੱਕਣ।

ਜੇਕਰ ਕਿਤੇ ਵੀ ਬਾਲ ਵਿਆਹ ਹੋਣ ਦੀ ਜਾਣਕਾਰੀ ਮਿਲਦੀ ਹੈ, ਤਾਂ ਆਮ ਲੋਕ ਤੁਰੰਤ ਆਪਣੇ ਖੇਤਰ ਦੇ ਸੁਰੱਖਿਆ ਅਤੇ ਬਾਲ ਵਿਆਹ ਮਨਾਹੀ ਅਧਿਕਾਰੀ, ਪੁਲਿਸ, ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਨੰਬਰ 112, ਚਾਈਲਡ ਹੈਲਪਲਾਈਨ 1098 ਜਾਂ ਮਹਿਲਾ ਹੈਲਪਲਾਈਨ 181 ’ਤੇ ਕਾਲ ਕਰਕੇ ਇਸ ਦੀ ਸੂਚਨਾ ਦੇ ਸਕਦੇ ਹਨ।

Read More: ਹਰਿਆਣਾ ਦੇ ਗੁਰੂਗ੍ਰਾਮ, ਜੀਂਦ ਤੇ ਮਹੇਂਦਰਗੜ੍ਹ ਜ਼ਿਲ੍ਹਿਆਂ ‘ਚ ਬਣਨਗੇ ਚਾਰ ਨਵੇਂ ਉਪ-ਸਿਹਤ ਕੇਂਦਰ

ਵਿਦੇਸ਼

Scroll to Top