ਇਨਸਾਨੀਅਤ ਸ਼ਰਮਸਾਰ: ਪ੍ਰੇਮ ਵਿਆਹ ਕਰਵਾਉਣ ਵਾਲੇ ਮੁੰਡੇ ਦੀ ਮਾਂ ਨੂੰ ਕੀਤਾ ਨਿਰਵਸਤਰ, ਗਲੀਆਂ ’ਚ ਭਜਾ ਕੇ ਬਣਾਈ ਵੀਡੀਓ

ਨਿਰਵਸਤਰ

ਤਰਨ ਤਾਰਨ, 05 ਅਪ੍ਰੈਲ 2024: ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਸਰਹੱਦੀ ਕਸਬਾ ਵਲਟੋਹਾ ‘ਚ ਇਨਸਾਨੀਅਤ ਉਸ ਵਕਤ ਸ਼ਰਮਸਾਰ ਹੋ ਗਈ, ਜਦੋਂ ਆਪਣੇ ਗੁਆਂਢੀਆਂ ਦੀ ਲੜਕੀ ਨਾਲ ਅਦਾਲਤੀ ਵਿਆਹ ਕਰਵਾਉਣ ਵਾਲੇ ਮੁੰਡੇ ਦੀ 55 ਸਾਲਾ ਮਾਂ ਨੂੰ ਕੁੜੀ ਦੇ ਮਾਪਿਆਂ ਨੇ ਕਥਿਤ ਤੌਰ ‘ਤੇ ਸ਼ਰ੍ਹੇਆਮ ਨਿਰਵਸਤਰ ਕਰ ਦਿੱਤਾ ।

ਨਿਰਵਸਤਰ ਬੀਬੀ ਗਲੀ ‘ਚ ਭੱਜਦੀ ਨਜ਼ਰ ਆ ਰਹੀ ਹੈ, ਕਿਸੇ ਨੇ ਉਸਦੀ ਦੀ ਵੀਡੀਓ ਬਣਾਈ ਬਲਕਿ ਉਕਤ ਵੀਡੀਓ ਨੂੰ ਸ਼ੋਸ਼ਲ ਮੀਡੀਆ ‘ਤੇ ਵਾਇਰਲ ਵੀ ਕਰ ਦਿੱਤਾ। ਹਾਲਾਂਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ‘ਚ ਪੀੜਤਾ ਕੈਮਰੇ ਤੋਂ ਬਚਣ ਲਈ ਲੋਕਾਂ ਦੀਆਂ ਦੁਕਾਨਾਂ ‘ਚ ਵੀ ਲੁਕਣ ਦਾ ਯਤਨ ਕਰਦੀ ਰਹੀ। ਥਾਣਾ ਵਲਟੋਹਾ ਦੀ ਪੁਲਿਸ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦੇਣ ਦੇ ਮਾਮਲੇ ‘ਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਸਮੇਤ ਦੋ ਅਣਪਛਾਤੇ ਵਿਅਕਤੀਆ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਥਾਣਾ ਵਲਟੋਹਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਪਿੰਡ ਵਲਟੋਹਾ ਦੀ ਰਹਿਣ ਵਾਲੀ 55 ਸਾਲਾ ਬੀਬੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੋਸ਼ ਲਾਇਆ ਕਿ ਉਸ ਦੇ ਲੜਕੇ ਨੇ ਗੁਆਂਢ ਰਹਿੰਦੀ ਲੜਕੀ ਨਾਲ ਕਰੀਬ ਇਕ ਮਹੀਨਾ ਪਹਿਲਾਂ ਅਦਾਲਤੀ ਵਿਆਹ ਕਰਵਾ ਲਿਆ ਸੀ । ਜਿਸ ਦੀ ਰੰਜਿਸ਼ ਦੇ ਚੱਲਦਿਆਂ 31 ਮਾਰਚ ਦੀ ਸ਼ਾਮ ਲੜਕੀ ਦੇ ਭਰਾ ‘ਤੇ ਮਾਂ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਰੌਲਾ ਪਾਉਣ ਲੱਗੇ।

ਜਦੋਂ ਉਹ ਘਰੋਂ ਬਾਹਰ ਆਈ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰਨ ਤੋਂ ਇਲਾਵਾ ਉਸ ਦੇ ਕੱਪੜੇ ਪਾੜ ਕੇ ਉਸ ਨੂੰ ਪੂਰੀ ਤਰ੍ਹਾਂ ਨਿਰਵਸਤਰ ਕਰ ਦਿੱਤਾ ਅਤੇ ਉਸ ਦੀ ਨਿਰਵਸਤਰ ਹਾਲਤ ‘ਚ ਹੀ ਵੀਡੀਓ ਬਣਾ ਲਈ ਅਤੇ ਉਹ ਉਕਤ ਲੋਕਾਂ ਤੋਂ ਬਚਣ ਲਈ ਭੱਜਦੀ ਰਹੀ ਅਤੇ ਦੁਕਾਨਾਂ ‘ਚ ਆਸਰਾ ਲੈਂਦੀ ਰਹੀ। ਪਰ ਵੀਡੀਓ ਬਣਾਉਣ ਵਾਲੇ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਸਮਾਜ ‘ਚ ਹੋਰ ਬੇਇੱਜ਼ਤ ਕਰ ਦਿੱਤਾ।

ਉਧਰ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਵਲਟੋਹਾ ਦੀ ਐਸ.ਐਚ.ਓ ਮੈਡਮ ਸੁਨੀਤਾ ਬਾਵਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਪਰਮਜੀਤ ਸਿੰਘ ਨੇ ਪੀੜਤ ਦੀ ਸ਼ਿਕਾਇਤ ‘ਤੇ ਸ਼ਰਨਜੀਤ ਸਿੰਘ ਉਰਫ਼ ਸੰਨੀ, ਗੁਰਚਰਨ ਸਿੰਘ, ਕੁਲਵਿੰਦਰ ਕੌਰ ਉਰਫ਼ ਮਾਣੀ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰ.20 ਮਿਤੀ 03-04-2024 ਜੁਰਮ 354, 354ਬੀ, 354ਡੀ ਅਤੇ 149 ਆਈਪੀਸੀ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।