ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ
‘ਸੇਫ ਸਕੂਲ ਵਾਹਨ ਨੀਤੀ’ ਤਹਿਤ ਸਰਕਾਰ ਦਾ ਸਖ਼ਤ ਐਕਸ਼ਨ
ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਬੱਚਿਆਂ ਦੀ ਸੁਰੱਖਿਆ ਕਿਸੇ ਵੀ ਸਰਕਾਰ ਦੀ ਪ੍ਰਮੁੱਖ ਤਰਜੀਹ ਹੁੰਦੀ ਹੈ|ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਕੂਲੀ ਬੱਚਿਆਂ ਨੂੰ ਸਕੂਲ ਆਉਣ-ਜਾਣ ਦੌਰਾਨ ਸੁਰੱਖਿਅਤ ਆਵਾਜਾਈ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ‘ਸੇਫ ਸਕੂਲ ਵਾਹਨ ਨੀਤੀ’ ਨੂੰ ਪੂਰੀ ਗੰਭੀਰਤਾ ਨਾਲ ਲਾਗੂ ਕਰ ਰਹੀ ਹੈ|
ਮਾਨ ਸਰਕਾਰ ਨੇ ਸਕੂਲ ਦੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਨੀਤੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਪ੍ਰਕਿਰਿਆ ‘ਚ ਤੇਜ਼ੀ ਲਿਆਂਦੀ ਹੈ|ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੀ ਕਿਸੇ ਵੀ ਲਾਪਰਵਾਹੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ|
ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਇਸ ਨੀਤੀ ਤਹਿਤ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਪੇਸ਼ ਕੀਤੇ ਅੰਕੜਿਆਂ ਮੁਤਾਬਕ ਸਾਲ 2026 ਦੇ ਅਪ੍ਰੈਲ ਅਤੇ ਮਈ ਦੌਰਾਨ ਸਕੂਲੀ ਬੱਚਿਆਂ ਦੇ ਰੋਜ਼ਾਨਾ ਸਫ਼ਰ ਨੂੰ ਸੁਰੱਖਿਅਤ ਬਣਾਉਣ ਲਈ ਸੂਬੇ ਭਰ ‘ਚ 1,842 ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ ਹੈ|ਪੰਜਾਬ ਸਰਕਾਰ ਨੇ ਜਾਂਚ ਦੌਰਾਨ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੇ 526 ਸਕੂਲ ਬੱਸਾਂ ਦੇ ਚਲਾਨ ਕੀਤੇ ਹਨ ਅਤੇ 3 ਬੱਸਾਂ ਨੂੰ ਜ਼ਬਤ ਕੀਤਾ ਗਿਆ ਹੈ|
‘ਸੇਫ ਸਕੂਲ ਵਾਹਨ ਨੀਤੀ’ ਤਹਿਤ ਮਾਨ ਸਰਕਾਰ ਵੱਲੋਂ ਤਾਇਨਾਤ ਜਾਂਚ ਟੀਮਾਂ ਸਕੂਲ ਬੱਸਾਂ ‘ਚ ਸਪੀਡ ਗਵਰਨਰ, ਸਕੂਲ ਬੱਸ ਦੀਆਂ ਤਾਕੀਆਂ ਦੇ ਲੌਕ, ਬੱਸ ‘ਚ ਮੁੱਢਲੀ ਸਹਾਇਤਾ ਬਾਕਸ, ਐਮਰਜੈਂਸੀ ਦਰਵਾਜ਼ਾ ਅਤੇ ਲੋੜੀਂਦੇ ਸੁਰੱਖਿਆ ਉਪਕਰਨ, ਸਕੂਲ ਬੱਸ ‘ਚ ਸਮਰੱਥਾ ਤੋਂ ਵੱਧ ਬੱਚੇ ਨਾ ਹੋਣ, ਜੀਪੀਐੱਸ ਟ੍ਰੈਕਿੰਗ ਸਿਸਟਮ, ਬੱਸ ‘ਚ ਛੋਟੇ ਬੱਚਿਆਂ ਲਈ ਸਿਖਲਾਈ ਪ੍ਰਾਪਤ ਸਹਾਇਕ ਆਦਿ ਲਾਜ਼ਮੀ ਹੋਣਾ ਯਕੀਨੀ ਬਣਾਉਂਦੀਆਂ ਹਨ|ਜੇਕਰ ਜਾਂਚ ਦੌਰਾਨ ਬੱਸਾਂ ‘ਚ ਕਿਸੇ ਤਰ੍ਹਾਂ ਦੀ ਕਮੀ ਪਾਈ ਜਾਂਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ|
ਇਸਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਨੂੰ ਬੱਸ ਡਰਾਈਵਰਾਂ ਕੋਲ ਵੈਧ ਤਜ਼ੁਰਬਾ, ਸਮੇਂ-ਸਮੇਂ ‘ਤੇ ਸਕੂਲ ਬੱਸਾਂ ਦੀ ਨਿਯਮਤ ਜਾਂਚ, ਬੱਸ ਡਰਾਈਵਰਾਂ ਦੀ ਸੁਰੱਖਿਆ ਮਾਪਦੰਡ, ਐਮਰਜੈਂਸੀ ਸੰਪਰਕ ਨੰਬਰ, ਵਾਹਨ ‘ਤੇ ਸਕੂਲ ਬੱਸ ਲਿਖਿਆ ਹੋਣਾ, ਸਕੂਲ ਵਾਹਨ ਕੋਲ ਵੈਧ ਰਜਿਸਟ੍ਰੇਸ਼ਨ, ਬੀਮਾ, ਪ੍ਰਦੂਸ਼ਣ ਸਰਟੀਫਿਕੇਟ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਦਾ ਹੋਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਜਾਂਦੀ ਹੈ|
ਪੰਜਾਬ ਸਰਕਾਰ ਦਾ ਉਦੇਸ਼ ਬਿਲਕੁਲ ਸਪੱਸ਼ਟ ਹੈ ਕਿ ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ|ਸਕੂਲ ਵਾਹਨਾਂ ‘ਤੇ ਸਖ਼ਤ ਨਿਗਰਾਨੀ ਰੱਖੀ ਜਾਂਦੀ ਹੈ, ਤਾਂ ਜੋ ਸਕੂਲ ਸਫ਼ਰ ਨੂੰ ਸੁਰੱਖਿਅਤ ਬਣਾਇਆ ਜਾ ਸਕੇ|ਮਾਨ ਸਰਕਾਰ ਸੁਰੱਖਿਅਤ ਅਤੇ ਜ਼ਿੰਮੇਵਾਰ ਸਕੂਲ ਆਵਾਜਾਈ ਪ੍ਰਣਾਲੀ ਦੇ ਵਿਕਾਸ ਲਈ ਵਚਨਬੱਧ ਹੈ|
Read More: ‘ਸ਼ੁੱਧ ਦੁੱਧ, ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਘਰ-ਘਰ ਹੋਵੇਗੀ ਦੁੱਧ ਦੀ ਜਾਂਚ




