ਚੰਡੀਗੜ੍ਹ, 21 ਅਗਸਤ 2026: ਪੰਜਾਬ ਦੇ ਬਾਗ਼ਬਾਨੀ ਮੰਤਰੀ ਮੋਹਿੰਦਰ ਭਗਤ ਨੇ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਬਾਗਬਾਨੀ ਵਿਭਾਗ ਦੀ ਪ੍ਰਗਤੀ ਅਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ।
ਇਸ ਬੈਠਕ ਦੌਰਾਨ ਬਾਗ਼ਬਾਨੀ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਰਸ਼ਦੀਪ ਸਿੰਘ ਥਿੰਦ ਅਤੇ ਡਾਇਰੈਕਟਰ ਬਾਗਬਾਨੀ ਮਨੀਸ਼ ਕੁਮਾਰ ਨੇ ਮੰਤਰੀ ਨੂੰ ਸੂਬੇ ‘ਚ ਬਾਗ਼ਬਾਨੀ ਨਾਲ ਸਬੰਧਤ ਹੋ ਰਹੀ ਪ੍ਰਗਤੀ ਅਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ। ਇਸ ਮੌਕੇ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ, ਜੀਕਾ, ਉਨ੍ਹਾਂ ਦੀ ਸਹਾਇਤਾ ਨਾਲ ਪੰਜਾਬ ‘ਚ ਸ਼ੁਰੂ ਹੋਣ ਵਾਲੇ 1,300 ਕਰੋੜ ਰੁਪਏ ਦੇ ਵਿਸ਼ੇਸ਼ ਜੀਕਾ ਪ੍ਰੋਜੈਕਟ, ‘ਆਪਣਾ ਪਿੰਡ–ਆਪਣਾ ਬਾਗ਼’ ਅਤੇ ਬਾਗ਼ਬਾਨੀ ਵਿਕਾਸ ਕੇਂਦਰ ਬਾਰੇ ਖ਼ਾਸ ਚਰਚਾ ਕੀਤੀ।
ਬੈਠਕ ਦੌਰਾਨ ਬਾਗਬਾਨੀ ਮੰਤਰੀ ਨੇ ਸੂਬੇ ਦੇ ਆਲੂ ਉਤਪਾਦਕਾਂ ਅਤੇ ਕੋਲਡ ਸਟੋਰ ਮਾਲਕਾਂ ਨਾਲ ਸਬੰਧਤ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਹਦਾਇਤ ਕੀਤੀ। ਕੈਬਿਨਟ ਮੰਤਰੀ ਨੇ ਵਿਭਾਗ ਦੇ ਸਾਰੇ ਪ੍ਰੋਜੈਕਟਾਂ ਨੂੰ ਛੇਤੀ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਮੰਤਰੀ ਮੋਹਿੰਦਰ ਭਗਤ ਨੇ ਬਾਗਬਾਨੀ ਨੂੰ ਹੋਰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਕਿੱਤਿਆਂ ਵੱਲ ਉਤਸ਼ਾਹਿਤ ਕਰਨ ਲਈ ਲੋੜੀਂਦੇ ਕਦਮ ਚੁੱਕਣ ’ਤੇ ਵੀ ਜ਼ੋਰ ਦਿੱਤਾ।
Read More: ਪੰਜਾਬ ਵਿਧਾਨ ਸਭਾ ਚੋਣਾਂ 2027 ਸਬੰਧੀ ਕਾਂਗਰਸ ਵੱਲੋਂ ਪਾਰਟੀ ਮੈਨੀਫੈਸਟੋ ਕਮੇਟੀ ਦੀ ਬੈਠਕ




