ਚੰਡੀਗੜ੍ਹ, 22 ਅਕਤੂਬਰ 2026: ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਤੇ ਦਿਨ ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੇ ਮੁੱਦਿਆਂ ਅਤੇ ਮੁੱਖ ਮੰਗਾਂ ਦੇ ਹੱਲ ਲਈ ਬੈਠਕ ਕੀਤੀ।
ਇਸ ਬੈਠਕ ਦੌਰਾਨ, ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਟਰਾਂਸਪੋਰਟ ਵਿਭਾਗ ਨੂੰ ਯੂਨੀਅਨ ਦੀਆਂ ਜਾਇਜ਼ ਮੰਗਾਂ ‘ਤੇ ਤੁਰੰਤ ਅਤੇ ਨਤੀਜਾ-ਮੁਖੀ ਕਾਰਵਾਈ ਕਰਨ ਲਈ ਸਪੱਸ਼ਟ ਨਿਰਦੇਸ਼ ਜਾਰੀ ਕੀਤੇ। ਇਸ ਤੋਂ ਬਾਅਦ, ਵਿਭਾਗ ਨੇ ਤੁਰੰਤ ਮੁੱਦਿਆਂ ਦੇ ਹੱਲ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਅਧਿਕਾਰਤ ਆਦੇਸ਼ ਜਾਰੀ ਕੀਤੇ।
ਟਰਾਂਸਪੋਰਟ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਲਿਮਟਿਡ (ਪਨਬਸ) ਨੇ 29 ਅਕਤੂਬਰ, 2026 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਇੱਕ ਉੱਚ-ਪੱਧਰੀ ਸਮੀਖਿਆ ਬੈਠਕ ਤਹਿ ਕੀਤੀ ਹੈ।
ਇਸ ਪ੍ਰਸਤਾਵਿਤ ਬੈਠਕ ਦੇ ਏਜੰਡੇ ‘ਚ ਪੀ.ਆਰ.ਟੀ.ਸੀ. ਤਰਜ਼ ‘ਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਨਿਯਮਾਂ ਨੂੰ ਅੰਤਿਮ ਰੂਪ ਦੇਣਾ, ਪੰਜਾਬ ਸਟੇਟ ਆਊਟਸੋਰਸਡ ਪਰਸੋਨਲ (ਟ੍ਰਾਂਜ਼ੀਸ਼ਨ ਟੂ ਕੰਟਰੈਕਟੂਅਲ ਇੰਗੇਜਮੈਂਟ) ਐਕਟ, 2026 ਅਧੀਨ ਪਨਬਸ ਕੰਟਰੈਕਟ ‘ਤੇ ਲਿਆਉਣ ਲਈ ਚੁੱਕੇ ਕਦਮਾਂ ਦੀ ਸਮੀਖਿਆ ਕਰਨ ਅਤੇ ਪਿਛਲੇ ਸੰਘਰਸ਼ਾਂ ਦੌਰਾਨ ਵਰਕਰਾਂ ‘ਤੇ ਦਰਜ ਪੁਲਿਸ ਕੇਸ ਰੱਦ ਕਰਨ ‘ਤੇ ਕੇਂਦਰਿਤ ਹੈ।
ਇਨ੍ਹਾਂ ਕਦਮਾਂ ਦੇ ਹਿੱਸੇ ਵਜੋਂ, ਪਨਬਸ ਪ੍ਰਬੰਧਨ ਨੇ ਸੂਬੇ ਭਰ ਦੇ ਸਾਰੇ ਡਿਪੂ ਮੈਨੇਜਰਾਂ ਨੂੰ ਠੇਕੇ ‘ਤੇ ਨੌਕਰੀ ਲਈ ਯੋਗ ਆਊਟਸੋਰਸਡ ਕਰਮਚਾਰੀਆਂ ਦੇ ਦਸਤਾਵੇਜ਼ਾਂ ਦੀ ਤਸਦੀਕ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਨ੍ਹਾਂ ਹੁਕਮਾਂ ‘ਚ ਕਿਹਾ ਗਿਆ ਹੈ ਕਿ “ਐਕਟ ਅਧੀਨ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਡਿਪੂਆਂ ਨੂੰ 30 ਮਈ, 2026 ਦੀ ਕਟ-ਆਫ ਮਿਤੀ ਦੇ ਆਧਾਰ ‘ਤੇ ਪੰਜ ਸਾਲ ਤੱਕ ਦੀ ਸੇਵਾ ਵਾਲੇ ਕਰਮਚਾਰੀਆਂ ਦੇ ਰਿਕਾਰਡ ਦੀ ਤਸਦੀਕ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ, ਮੰਤਰੀ ਪੱਧਰ ਦੀ ਸਮੀਖਿਆ ਬੈਠਕ ਤੋਂ ਪਹਿਲਾਂ 26 ਅਕਤੂਬਰ, 2026 ਤੱਕ ਇੱਕ ਪੂਰੀ ਰਿਪੋਰਟ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ। ਫੀਲਡ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਮਾਮਲੇ ‘ਚ ਸਖ਼ਤ ਜਵਾਬਦੇਹੀ ਲਗਾਈ ਜਾਵੇਗੀ। ਸੇਵਾ ਰਿਕਾਰਡਾਂ ਦੀ ਤਸਦੀਕ ‘ਚ ਕਿਸੇ ਵੀ ਦੇਰੀ, ਲਾਪਰਵਾਹੀ ਜਾਂ ਬੇਨਿਯਮੀਆਂ ਦੇ ਨਤੀਜੇ ਵਜੋਂ ਜ਼ਿੰਮੇਵਾਰ ਡਿਪੂ ਅਧਿਕਾਰੀਆਂ ਵਿਰੁੱਧ ਸਿੱਧੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।”
ਬੈਠਕ ਦੌਰਾਨ ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਨੁਮਾਇੰਦਗੀ ਕਰਦੇ ਹੋਏ ਰੇਸ਼ਮ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਹਰਕੇਸ਼ ਕੁਮਾਰ, ਬਲਵਿੰਦਰ ਸਿੰਘ ਰਾਠ, ਜਤਿੰਦਰ ਸਿੰਘ ਅਤੇ ਪ੍ਰਦੀਪ ਕੁਮਾਰ ਨੇ ਆਪਣੇ ਮੁੱਦੇ ਅਤੇ ਮੰਗਾਂ ਪੇਸ਼ ਕੀਤੀਆਂ।
Read More: ਪੰਜਾਬ ਸਰਕਾਰ ਨੇ 180 ETT-TET ਪਾਸ ਅਧਿਆਪਕਾਂ ਦੀ ਤਨਖਾਹ ਸਮਾਨਤਾ ਦੀ ਮੰਗ ਦਾ ਕੀਤਾ ਹੱਲ: ਹਰਪਾਲ ਸਿੰਘ ਚੀਮਾ




