ਜੰਮੂ, 14 ਜੁਲਾਈ : ਜੰਮੂ ਦੀ ਵਿਸ਼ੇਸ਼ ਐਨਆਈਏ (NIA) ਅਦਾਲਤ ਨੇ ਪਿਛਲੇ ਸਾਲ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਜਾਂਚ ਦੇ ਸਬੰਧ ਵਿੱਚ ਵੱਡੀ ਕਾਰਵਾਈ ਕੀਤੀ ਹੈ। ਅਦਾਲਤ ਨੇ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਦੇ ਪਾਕਿਸਤਾਨ ਸਥਿਤ ਮੁਖੀ ਹਾਫਿਜ਼ ਸਈਦ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ। ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਇਹ ਹੁਕਮ 8 ਜੁਲਾਈ ਨੂੰ ਉਸ ਸਮੇਂ ਪਾਸ ਕੀਤਾ, ਜਦੋਂ ਜਾਂਚ ਏਜੰਸੀ ਨੇ ਇਸ ਹਮਲੇ ਦੇ ਮਾਮਲੇ ਵਿੱਚ 76 ਸਾਲਾ ਸਈਦ ਵਿਰੁੱਧ ਪੂਰਕ ਦੋਸ਼ ਪੱਤਰ (ਚਾਰਜਸ਼ੀਟ) ਦਾਇਰ ਕੀਤਾ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਅਮਰੀਕਾ ਵੱਲੋਂ ‘ਗਲੋਬਲ ਅੱਤਵਾਦੀ’ ਐਲਾਨਿਆ ਹਾਫਿਜ਼ ਸਈਦ ਸਾਲ 2008 ਵਿੱਚ ਹੋਏ ਮੁੰਬਈ ਅੱਤਵਾਦੀ ਹਮਲਿਆਂ ਦਾ ਵੀ ਮੁੱਖ ਮਾਸਟਰਮਾਈਂਡ ਹੈ।
ਐਨਆਈਏ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ ਪੂਰਕ ਚਾਰਜਸ਼ੀਟ ਵਿੱਚ ਸਈਦ ਨੂੰ ਨਿੱਜੀ ਤੌਰ ‘ਤੇ ਅਤੇ ਲਸ਼ਕਰ-ਏ-ਤੋਇਬਾ (LeT) ਸਮੇਤ ਉਸ ਦੇ ਪ੍ਰੌਕਸੀ ਸੰਗਠਨ ‘ਦ ਰੇਸਿਸਟੈਂਸ ਫਰੰਟ’ (TRF) ਦੇ ਸਰਗਨੇ ਵਜੋਂ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮ ਵਿਰੁੱਧ ਭਾਰਤੀ ਨਿਆਏ ਸੰਹਿਤਾ (BNS), 2023 ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (UAPA), 1967 ਦੀਆਂ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਹੈ।
ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਪਾਕਿਸਤਾਨੀ ਪੰਜਾਬ ਦੇ ਸਰਗੋਧਾ ਦਾ ਰਹਿਣ ਵਾਲਾ ਹਾਫਿਜ਼ ਸਈਦ ਪਹਿਲਗਾਮ ਹਮਲੇ ਦੀ ਸਾਜ਼ਿਸ਼ ਘੜਨ ਦਾ ਮੁੱਖ ਦੋਸ਼ੀ ਹੈ ਅਤੇ ਇਸ ਵੇਲੇ ਗ੍ਰਿਫ਼ਤਾਰੀ ਤੋਂ ਬਚਣ ਲਈ ਲੁਕਿਆ ਹੋਇਆ ਹੈ। ਏਜੰਸੀ ਨੇ ਮਾਮਲੇ ਦੀ ਅਗਲੀ ਜਾਂਚ ਅਤੇ ਕਾਨੂੰਨੀ ਕਾਰਵਾਈ ਨੂੰ ਅੱਗੇ ਵਧਾਉਣ ਲਈ ਉਸ ਵਿਰੁੱਧ ਖੁੱਲ੍ਹੀ ਮਿਤੀ ਵਾਲਾ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ।
ਵਿਸ਼ੇਸ਼ ਅਦਾਲਤ ਨੇ ਆਪਣੇ ਹੁਕਮਾਂ ਵਿਚ ਸਪੱਸ਼ਟ ਕਰਦਿਆਂ ਕਿਹਾ ਕਿ ਮਾਮਲੇ ਦੀ ਨਿਰਪੱਖ, ਸੰਪੂਰਨ ਅਤੇ ਪ੍ਰਭਾਵਸ਼ਾਲੀ ਜਾਂਚ ਲਈ ਮੁਲਜ਼ਮ ਹਾਫਿਜ਼ ਸਈਦ ਨੂੰ ਗ੍ਰਿਫ਼ਤਾਰ ਕਰਨਾ ਅਤੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨਾ ਬੇਹੱਦ ਜ਼ਰੂਰੀ ਹੈ। ਅਦਾਲਤ ਨੇ ਵਾਰੰਟ ਜਾਰੀ ਕਰਦਿਆਂ ਇਸ ਦੀ ਤਾਮੀਲ ਲਈ ਮਾਮਲਾ ਐਨਆਈਏ ਜੰਮੂ ਦੇ ਡਿਪਟੀ ਇੰਸਪੈਕਟਰ ਜਨਰਲ (DIG) ਨੂੰ ਸੌਂਪ ਦਿੱਤਾ ਹੈ।
Read More : ਜੁੜਵਾਂ ਬੱਚਿਆਂ ਸਾਹਮਣੇ ਉੱਜੜਿਆ ਪਰਿਵਾਰ: ਸਕੂਲ ਜਾਂਦੇ ਸਮੇਂ ਹਾਦਸੇ ‘ਚ ਮਾਂ ਦੀ ਮੌਤ




