ਰਣਬੀਰ ਗੰਗਵਾ

ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਨ ਅਧਿਕਾਰੀ: ਮੰਤਰੀ ਰਣਬੀਰ ਗੰਗਵਾ

ਹਰਿਆਣਾ, 21 ਨਵੰਬਰ 2026: ਹਰਿਆਣਾ ਦੇ ਜਨ-ਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਨਾਗਰਿਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ। ਅਧਿਕਾਰੀਆਂ ਵੱਲੋਂ ਸਮੱਸਿਆਵਾਂ ਦੇ ਨਿਪਟਾਰੇ ਨੂੰ ਬੇਲੋੜਾ ਲੰਬਿਤ ਨਾ ਰੱਖਿਆ ਜਾਵੇ।

ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ ਸ਼ੁੱਕਰਵਾਰ ਨੂੰ ਰੇਵਾੜੀ ਦੇ ਬਾਲ ਭਵਨ ਆਡੀਟੋਰੀਅਮ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ। ਬੈਠਕ ‘ਚ ਮੰਤਰੀ ਦੇ ਸਾਹਮਣੇ ਕੁੱਲ 13 ਮਾਮਲੇ ਰੱਖੇ ਗਏ, ਜਿਨ੍ਹਾਂ ‘ਚੋਂ 9 ਦਾ ਮੌਕੇ ‘ਤੇ ਹੀ ਨਿਪਟਾਰਾ ਕਰ ਦਿੱਤਾ ਗਿਆ।

ਉੱਥੇ ਹੀ, 4 ਸ਼ਿਕਾਇਤਾਂ ਸਬੰਧੀ ਅਗਲੀ ਬੈਠਕ ‘ਚ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ। ਮੰਤਰੀ ਨੇ ਪਿੰਡ ਪੀਵਰਾ ‘ਚ ਜਮ੍ਹਾਂਬੰਦੀ ਦੀ ਮਲਕੀਅਤ ‘ਚ ਹਿੱਸੇਦਾਰਾਂ ਦਾ ਨਾਮ ਗ਼ਲਤ ਦਰਜ ਕਰਵਾਉਣ ਦੇ ਮਾਮਲੇ ‘ਚ ਐਸ.ਡੀ.ਐਮ. ਬਾਵਲ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਸਮੁੱਚੇ ਰਿਕਾਰਡ ਦੀ ਜਾਂਚ ਕਰਕੇ ਅਗਲੀ ਬੈਠਕ ‘ਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ‘ਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਿੰਡ ਕਲਵਾੜੀ ਨਿਵਾਸੀ ਅਮਰ ਸਿੰਘ ਜਾਂਗੜਾ ਵੱਲੋਂ ਸੁਸਾਇਟੀ ‘ਚ ਕੀਤੇ ਗਏ ਕੰਮ ਦੀ ਅਦਾਇਗੀ ਨਾ ਕਰਨ ਦੀ ਸ਼ਿਕਾਇਤ ‘ਚ ਜਾਂਚ ਵਿੱਚ ਸਹਿਯੋਗ ਨਾ ਦੇਣ ‘ਤੇ ਸਬੰਧਤ ਹਿੱਸੇਦਾਰ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ।

ਬੈਠਕ ‘ਚ ਰਾਧਾ ਕ੍ਰਿਸ਼ਨ ਸੁਸਾਇਟੀ ਸੁਠਾਨੀ ਦੇ ਵਸਨੀਕਾਂ ਨੇ ਦੱਸਿਆ ਕਿ ਪਿਛਲੀ ਬੈਠਕ ਦੇ ਹੁਕਮਾਂ ਦੇ ਬਾਵਜੂਦ ਵੀ ਬਿਜਲੀ ਕੁਨੈਕਸ਼ਨ ਨਹੀਂ ਮਿਲੇ ਹਨ। ਜਿਸ ‘ਤੇ ਮੰਤਰੀ ਨੇ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਕੁਨੈਕਸ਼ਨ ਦੇਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਬਿਜਲੀ ਨਿਗਮ ਨਾਲ ਜੁੜੇ ਹੋਰ ਮਾਮਲਿਆਂ ‘ਚ ਵੀ ਤੇਜ਼ੀ ਨਾਲ ਕਾਰਵਾਈ ਕਰਦਿਆਂ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ।

ਇਸ ਦੇ ਨਾਲ ਹੀ ਲਾਈਨਮੈਨ ਵੱਲੋਂ ਮੀਟਰ ਲਗਵਾਉਣ ਦੇ ਨਾਮ ‘ਤੇ ਪੈਸੇ ਲੈਣ ਦੇ ਮਾਮਲੇ ‘ਚ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਗ੍ਰੀਵੈਂਸ ਕਮੇਟੀ ਦੇ ਮੈਂਬਰਾਂ ਨੂੰ ਸ਼ਾਮਲ ਕਰਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਬੈਠਕ ‘ਚ ਕੁਝ ਸ਼ਿਕਾਇਤਾਂ ਦੇ ਮਾਮਲੇ ਅਦਾਲਤ ‘ਚ ਵਿਚਾਰਅਧੀਨ ਪਾਏ ਗਏ। ਸ਼ਿਕਾਇਤ ਨਿਵਾਰਨ ਕਮੇਟੀ ਦੀ ਬੈਠਕ ‘ਚ ਕੁਝ ਮਾਮਲੇ ਨਾਜਾਇਜ਼ ਕਬਜ਼ਿਆਂ ਨਾਲ ਸਬੰਧਤ ਸਨ। ਮੰਤਰੀ ਨੇ ਇਨ੍ਹਾਂ ਮਾਮਲਿਆਂ ‘ਚ ਅਧਿਕਾਰੀਆਂ ਨੂੰ ਜਾਂਚ ਕਰਕੇ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ।

Read More: ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬਜ਼ੁਰਗ ਸ਼ਰਧਾਲੂਆਂ ਨੂੰ ਮੁਫ਼ਤ ਵਾਰਾਣਸੀ ਤੀਰਥ ਯਾਤਰਾ ਕਰਵਾਏਗੀ ਹਰਿਆਣਾ ਸਰਕਾਰ

 

ਵਿਦੇਸ਼

Scroll to Top