‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੰਜਾਬ ਦੇ ਲੱਖਾਂ ਪਰਿਵਾਰਾਂ ਦਾ ਸਹਾਰਾ
10 ਲੱਖ ਰੁਪਏ ਤੱਕ ਮੁਫ਼ਤ ਕੈਸ਼ਲੈੱਸ ਇਲਾਜ, ਪੰਜਾਬੀਆਂ ਲਈ ਵੱਡੀ ਰਾਹਤ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਬਿਨਾਂ ਖਰਚੇ ਤੋਂ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ‘ਮੁੱਖ ਮੰਤਰੀ ਸਿਹਤ ਯੋਜਨਾ’ ਦੀ ਸ਼ੁਰੂਆਤ ਕੀਤੀ ਹੈ| ਇਹ ਯੋਜਨਾ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ|
‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਲਾਭ ਲੈਣ ਲਈ ਕੋਈ ਵੀ ਪੰਜਾਬ ਵਾਸੀ ਅਧਾਰ ਕਾਰਡ ਅਤੇ ਵੋਟਰ ਕਾਰਡ ਰਾਹੀਂ ਸੇਵਾ ਕੇਂਦਰ, ਕਾਮਨ ਸਰਵਿਸ ਸੈਂਟਰਾਂ (CSC) ਜਾਂ ਸਰਕਾਰੀ ਹਸਪਤਾਲ ‘ਚ ਰਜਿਸਟ੍ਰੇਸ਼ਨ ਕਰਵਾ ਕੇ ਕਾਰਡ ਬਣਵਾ ਸਕਦਾ ਹੈ| ਇਸ ਯੋਜਨਾ ਤਹਿਤ ਹਰ ਸਾਲ, ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਭਰ ‘ਚ ਇਲਾਜ ਲਈ 900 ਦੇ ਕਰੀਬ ਸਰਕਾਰੀ ਅਤੇ ਨਿੱਜੀ ਹਸਪਤਾਲ ਸੂਚੀਬੱਧ ਹਨ|
ਪੰਜਾਬ ਰਾਜ ਸਿਹਤ ਏਜੰਸੀ ਦੇ ਤਾਜ਼ਾ ਅੰਕੜਿਆਂ ਮੁਤਾਬਕ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 3.79 ਲੱਖ ਮਰੀਜ਼ 654 ਕਰੋੜ ਰੁਪਏ ਦਾ ਨਕਦੀ ਰਹਿਤ ਇਲਾਜ ਪ੍ਰਾਪਤ ਕਰ ਚੁੱਕੇ ਹਨ| ਹੁਣ ਤੱਕ 47.27 ਲੱਖ ਸਿਹਤ ਕਾਰਡ ਜਾਰੀ ਕੀਤੇ ਗਏ ਹਨ| ਸਕੀਮ ਤਹਿਤ ਇਨ੍ਹਾਂ ਕਾਰਡ-ਧਾਰਕਾਂ ‘ਚੋਂ 48.5 ਫੀਸਦੀ ਪੁਰਸ਼ ਅਤੇ 51.5 ਫੀਸਦੀ ਔਰਤਾਂ ਸ਼ਾਮਲ ਹਨ| ਸ਼ਹਿਰੀ ਖੇਤਰਾਂ ‘ਚ ਲਗਭੱਗ 31 ਫੀਸਦੀ ਅਤੇ ਪੇਂਡੂ ਖੇਤਰਾਂ ‘ਚ 69 ਫੀਸਦੀ ਕਾਰਡ ਜਾਰੀ ਕੀਤੇ ਹਨ| ਹੁਣ ਤੱਕ ਪੰਜਾਬ ਭਰ ਦੇ 23.01 ਲੱਖ ਪਰਿਵਾਰਾਂ ਨੂੰ ਕਵਰ ਕੀਤਾ ਗਿਆ ਹੈ|
ਇਸ ਯੋਜਨਾ ‘ਚ ਦਿਲ ਦੀ ਦੇਖਭਾਲ, ਡਾਇਲਸਿਸ, ਆਰਥੋਪੈਡਿਕਸ, ਕੈਂਸਰ ਦੇ ਇਲਾਜ ਅਤੇ ਐਮਰਜੈਂਸੀ ਸੇਵਾਵਾਂ ਨਾਲ ਸੰਬੰਧਤ ਸਰਜੀਕਲ ਪ੍ਰਕਿਰਿਆਵਾਂ ਸ਼ਾਮਲ ਹਨ। ਮਾਨ ਸਰਕਾਰ ਨੇ ਇਸ ਯੋਜਨਾ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਬਜਟ 2026-27 ‘ਚ 2,000 ਕਰੋੜ ਰੁਪਏ ਰੱਖੇ ਹਨ|
‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਘੇਰਾ ਪੂਰੇ ਪੰਜਾਬ ‘ਚ ਲਗਾਤਾਰ ਵਧ ਰਿਹਾ ਹੈ| ਪੰਜਾਬ ਸਰਕਾਰ ਨੇ ਸਿਹਤ ਸੇਵਾਵਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਸਿਹਤ ਯੋਜਨਾ ਸੰਬੰਧੀ ਰਜਿਸਟ੍ਰੇਸ਼ਨ ਨੂੰ ਤੇਜ਼ ਕਰਨ ਲਈ ਆਪਣੇ ਵਿਸ਼ਾਲ ਆਸ਼ਾ (ਅਕਰੈਡਿਟਿਡ ਸੋਸ਼ਲ ਹੈਲਥ ਐਕਟੀਵਿਟੀ) ਵਰਕਰਾਂ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਸਰਗਰਮ ਕੀਤਾ ਹੋਇਆ ਹੈ| ਪੂਰੇ ਪੰਜਾਬ ਦੇ ਪਿੰਡਾਂ ‘ਚ ਲਗਭੱਗ 19 ਹਜ਼ਾਰ ਤੋਂ ਵੱਧ ਆਸ਼ਾ ਵਰਕਰਾਂ ਅਤੇ ਲਗਭੱਗ 900 ਫੈਸਿਲੀਟੇਟਰ ਰਜਿਸਟ੍ਰੇਸ਼ਨ ਮੁਹਿੰਮ ਨੂੰ ਚਲਾ ਰਹੇ ਹਨ|
ਪੰਜਾਬ ਦੇ ਵਸਨੀਕਾਂ ਨੂੰ ਸਿਹਤ ਯੋਜਨਾ ਦੇ ਘੇਰੇ ‘ਚ ਲਿਆਉਣ ਲਈ ਸਰਕਾਰ ਵੱਲੋਂ ਤੇਜ਼ੀ ਲਿਆਂਦੀ ਗਈ ਹੈ| ਇਸ ਗਤੀ ਨੂੰ ਬਰਕਰਾਰ ਰੱਖਣ ਲਈ, ਆਸ਼ਾ-ਅਧਾਰਿਤ ਮਾਡਲ ਨੂੰ ਇੱਕ ਢਾਂਚਾਗਤ ਪ੍ਰੋਤਸਾਹਨ ਪ੍ਰਣਾਲੀ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ| ਸਫਲ ਰਜਿਸਟ੍ਰੇਸ਼ਨਾਂ ਲਈ ਵਰਕਰਾਂ ਨੂੰ ਉਤਸ਼ਾਹਤ ਰਾਸ਼ੀ ਵੀ ਦਿੱਤੀ ਜਾ ਰਹੀ ਹੈ|
ਮਾਨ ਸਰਕਾਰ ਦੀ ਇਸ ਪਹਿਲਕਦਮੀ ਨਾਲ ਸਪੱਸ਼ਟ ਹੈ ਕਿ ਪੰਜਾਬ ਦੇ ਕਿਸੇ ਵੀ ਵਿਅਕਤੀ ਨੂੰ ਮਹਿੰਗੇ ਖਰਚੇ ਦੇ ਡਰ ਕਾਰਨ ਇਲਾਜ ਤੋਂ ਵਾਂਝਾ ਨਹੀਂ ਰਹਿਣਾ ਪਵੇਗਾ| ਇਹ ਯੋਜਨਾ ਸੌਖੀਆਂ ਅਤੇ ਪਹੁੰਚਯੋਗ ਸਿਹਤ ਸੇਵਾਵਾਂ ਅਤੇ ਸਮੇਂ ਸਿਰ ਇਲਾਜ ਨਾਲ ਲੋਕਾਂ ਦੀ ਜ਼ਿੰਦਗੀ ਬਦਲ ਰਹੀ ਹੈ, ਮੁਸ਼ਕਿਲ ਵੇਲੇ ਪਰਿਵਾਰਾਂ ਦਾ ਸਹਾਰਾ ਬਣ ਰਹੀ ਹੈ|
Read More: ਸੀ.ਐੱਮ. ਦੀ ਯੋਗਸ਼ਾਲਾ ਪ੍ਰੋਗਰਾਮ ਦੇ ਤਹਿਤ ਪੰਜਾਬ ਹੋ ਰਿਹਾ ਤੰਦਰੁਸਤ




