ਚੰਡੀਗੜ੍ਹ, 09 ਨਵੰਬਰ 2026: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਕਾਊਂਟਰ ਇੰਟੈਲੀਜੈਂਸ ਦੇ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (ਓਐੱਫਟੀਈਸੀ) ਨਾਲ ਨਜ਼ਦੀਕੀ ਤਾਲਮੇਲ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਭਗੌੜੇ ਗੈਂਗਸਟਰ ਗੁਰਵਿੰਦਰ ਸਿੰਘ ਉਰਫ਼ ਅਫਰੀਦੀ ਨੂੰ ਇਥੋਪੀਆ ਤੋਂ ਡਿਪੋਰਟ ਕਰਵਾ ਲਿਆ ਹੈ।
ਪੁਲਿਸ ਮੁਤਾਬਕ ਡੋਨੀ ਬੱਲ-ਪ੍ਰਭ ਦਾਸੂਵਾਲ ਗੈਂਗ ਦਾ ਮੁੱਖ ਸਰਗਨਾ ਗੁਰਵਿੰਦਰ ਉਰਫ਼ ਅਫ਼ਰੀਦੀ, ਨੂੰ ਗ੍ਰਿਫ਼ਤਾਰ ਕਰਵਾਉਣ ਸਬੰਧੀ ਸੂਚਨਾ ਦੇਣ ’ਤੇ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਇਨਾਮ ਐਲਾਨਿਆ ਸੀ। ਪੁਲਿਸ ਮੁਤਾਬਕ ਉਹ ਵਿਦੇਸ਼ ‘ਚ ਬੈਠ ਕੇ ਪੰਜਾਬ ਅੰਦਰ ਟਾਰਗੇਟ ਕਿਲਿੰਗ, ਫਿਰੌਤੀ ਲਈ ਗੋਲੀ ਚਲਾਉਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣਾ ਅਤੇ ਸੰਗਠਿਤ ਅਪਰਾਧਿਕ ਨੈੱਟਵਰਕ ਚਲਾਉਣ ਵਰਗੀਆਂ ਕਾਰਵਾਈਆਂ ਨੂੰ ਅੰਜ਼ਾਮ ਦੇ ਰਿਹਾ ਸੀ। ਉਕਤ ਮੁਲਜ਼ਮ ਪੰਜ ਕਤਲਾਂ, ਇਰਾਦਾ ਕਤਲ, ਫਿਰੌਤੀ ਅਤੇ ਅਸਲਾ ਐਕਟ ਤਹਿਤ ਵੱਖ-ਵੱਖ ਅਪਰਾਧਾਂ ਸਮੇਤ 30 ਤੋਂ ਵੱਧ ਘਿਨਾਉਣੇ ਅਪਰਾਧਕ ਮਾਮਲਿਆਂ ‘ਚ ਲੋੜੀਂਦਾ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਕਿਸੇ ਅਫ਼ਰੀਕੀ ਦੇਸ਼ ਤੋਂ ਭਗੌੜੇ ਅਪਰਾਧੀ ਦੀ ਇਹ ਹੁਣ ਤੱਕ ਦੀ ਪਹਿਲੀ ਡਿਪੋਰਟੇਸ਼ਨ ਹੈ, ਜਿਸ ਨਾਲ ਸੂਬੇ ‘ਚ ਸੰਗਠਿਤ ਅਪਰਾਧ ਖ਼ਿਲਾਫ਼ ਵਿੱਢੀ ਸਖ਼ਤ ਮੁਹਿੰਮ ‘ਚ ਇੱਕ ਨਵੀਂ ਸਫ਼ਲਤਾ ਜੁੜ ਗਈ ਹੈ।
ਉਨ੍ਹਾਂ ਕਿਹਾ, “ਇਹ ਕਾਰਵਾਈ ‘ਆਪਰੇਸ਼ਨ ਸ਼ਾਹਿਦ’ ਦੀ ਸਫ਼ਲਤਾ ਨੂੰ ਦਰਸਾਉਂਦੀ ਹੈ—ਜੋ ਖੁਫ਼ੀਆ ਜਾਣਕਾਰੀ ’ਤੇ ਆਧਾਰਿਤ 10 ਮਹੀਨੇ ਲੰਮਾ ਇੰਟਰਨੈਸ਼ਨਲ ਮੈਨਹੰਟ ਆਪ੍ਰੇਸ਼ਨ ਸੀ, ਜਿਸ ਅਧੀਨ ਲਗਾਤਾਰ ਨਿਗਰਾਨੀ, ਖੁਫ਼ੀਆ ਜਾਣਕਾਰੀ ਜੁਟਾਉਣਾ ਅਤੇ ਕੌਮੀ ਤੇ ਕੌਮਾਂਤਰੀ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਜ਼ਰੀਏ ਏਸ਼ੀਆ, ਦੱਖਣੀ ਅਮਰੀਕਾ ਤੇ ਅਫ਼ਰੀਕਾ ਦੇ ਕਈ ਦੇਸ਼ਾਂ ‘ਚ ਭਗੌੜੇ ਅਪਰਾਧੀਆਂ ਦੀ ਪੈੜ ਨੱਪਣ ਵਰਗੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਗਿਆ।”
ਜ਼ਿਕਰਯੋਗ ਹੈ ਕਿ ‘ਆਪਰੇਸ਼ਨ ਸ਼ਾਹਿਦ’ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਆਈਜੀਪੀ ਓਐੱਫਟੀਈਸੀ ਅਸ਼ੀਸ਼ ਚੌਧਰੀ ਦੀ ਦੇਖ-ਰੇਖ ਹੇਠ ਚਲਾਇਆ ਗਿਆ, ਜਿਨ੍ਹਾਂ ਨੇ ਕੌਮਾਂਤਰੀ ਤਾਲਮੇਲ ਅਤੇ ਫ਼ਾਲੋ-ਅੱਪ ਯਤਨਾਂ ਦੀ ਅਗਵਾਈ ਕੀਤੀ। ਇਸ ਆਪ੍ਰੇਸ਼ਨ ਦੀ ਕਮਾਨ ਐੱਸਪੀ ਏਜੀਟੀਐੱਫ/ਓਐੱਫਟੀਈਸੀ ਆਪਰੇਸ਼ਨਜ਼ ਬਿਕਰਮਜੀਤ ਸਿੰਘ ਬਰਾੜ ਕੋਲ ਸੀ।
ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਅਫ਼ਰੀਦੀ 31 ਮਾਰਚ 2025 ਨੂੰ ਮੁੰਬਈ ਹਵਾਈ ਅੱਡੇ ਤੋਂ ਯੂਏਈ ਭੱਜ ਗਿਆ ਸੀ। ਇਸ ਮੰਤਵ ਲਈ ਉਸ ਨੇ ਗੋਰਖਪੁਰ ਦੇ ਕਿਸੇ ਵਸਨੀਕ ਦੇ ਵੇਰਵਿਆਂ ’ਤੇ ਫ਼ਰਜ਼ੀ ਤਾਰੀਖ਼ ਨਾਲ 12 ਫ਼ਰਵਰੀ 2025 ਨੂੰ ਲਖਨਊ, ਉੱਤਰ ਪ੍ਰਦੇਸ਼ ਤੋਂ ਬਣਵਾਏ ਫ਼ਰਜ਼ੀ ਪਾਸਪੋਰਟ ਦੀ ਵਰਤੋਂ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਸਮੇਂ-ਸਮੇਂ ‘ਤੇ ਵੱਖ-ਵੱਖ ਮਹਾਂਦੀਪਾਂ ‘ਚ ਲੁਕ ਕੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਲਗਾਤਾਰ ਚਕਮਾ ਦੇ ਰਿਹਾ ਸੀ। ਸ਼ੁਰੂਆਤ ‘ਚ ਯੂਏਈ ‘ਚ ਲੁਕੇ ਰਹਿਣ ਤੋਂ ਬਾਅਦ, ਮੁਲਜ਼ਮ ਗੁਰਵਿੰਦਰ ਅਫ਼ਰੀਦੀ ਨੇ ਇਸਤਾਂਬੁਲ ਰਾਹੀਂ ਮੈਕਸੀਕੋ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਵਾਪਸ ਯੂਏਈ ਡਿਪੋਰਟ ਕਰ ਦਿੱਤਾ ਗਿਆ। ਇਸ ਉਪਰੰਤ ਉਹ ਅਪਰੈਲ 2026 ‘ਚ ਕੀਨੀਆ ਚਲਾ ਗਿਆ, ਜੂਨ 2026 ‘ਚ ਅੰਗੋਲਾ ਅਤੇ ਨਵੰਬਰ 2026 ‘ਚ ਇਥੋਪੀਆ ਚਲਾ ਗਿਆ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਗੁਰਵਿੰਦਰ ਅਫ਼ਰੀਦੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਸੀ। ਇਸਦੇ ਨਾਲ ਹੀ ਉਸ ਦੀ ਫ਼ਰਜ਼ੀ ਪਛਾਣ ਅਤੇ ਕਾਰਵਾਈਆਂ ਬਾਰੇ ਸਮੇਂ-ਸਮੇਂ ’ਤੇ ਕੇਂਦਰੀ ਏਜੰਸੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਪੁਲਿਸ ਨੇ ਉਸ ਖਿਲਾਫ਼ ਸੱਤ ਇੰਟਰਪੋਲ ਰੈਫ਼ਰੈਂਸ ਵੀ ਜਾਰੀ ਕਰਵਾਏ ਸਨ। ਏਜੰਸੀਆਂ ਵੱਲੋਂ ਲਗਾਤਾਰ ਕਾਰਵਾਈ ਸਦਕਾ ਉਸ ਨੂੰ 6 ਨਵੰਬਰ 2026 ਨੂੰ ਇਥੋਪੀਆ ‘ਚ ਹਿਰਾਸਤ ‘ਚ ਲੈ ਲਿਆ ਗਿਆ ਅਤੇ ਹੁਣ ਉਸਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ।
ਪੰਜਾਬ ਪੁਲਿਸ ਨੇ ਉਸ ਨੂੰ ਨਵੀਂ ਦਿੱਲੀ ਹਵਾਈ ਅੱਡੇ ’ਤੇ ਹਿਰਾਸਤ ‘ਚ ਲੈ ਲਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਉਸਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ। ਡੀਜੀਪੀ, ਪੰਜਾਬ ਨੇ ਏਜੀਟੀਐੱਫ ਅਤੇ ਓਐੱਫਟੀਈਸੀ ਦੀਆਂ ਟੀਮਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਡਿਪੋਰਟੇਸ਼ਨ ਨੂੰ ਯਕੀਨੀ ਬਣਾਉਣ ਲਈ ਨਿਰਵਿਘਨ ਕੌਮਾਂਤਰੀ ਸਹਿਯੋਗ ਵਾਸਤੇ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ ਅਤੇ ਕੇਂਦਰੀ ਖੁਫ਼ੀਆ ਤੇ ਜਾਂਚ ਏਜੰਸੀਆਂ ਦਾ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਮੁਲਜ਼ਮ ਗੁਰਵਿੰਦਰ ਅਫ਼ਰੀਦੀ ਪੰਜਾਬ ਅੰਦਰ ਪੰਜ ਸਨਸਨੀਖੇਜ਼ ਕਤਲ ਮਾਮਲਿਆਂ ‘ਚ ਲੋੜੀਂਦਾ ਸੀ, ਜਿਨ੍ਹਾਂ ‘ਚ ਸਰਪੰਚ ਰਾਜਵਿੰਦਰ ਉਰਫ਼ ਰਾਜ ਤਲਵੰਡੀ ਦਾ ਕਤਲ (ਅਕਤੂਬਰ 2024), 12 ਸਾਲਾ ਲੜਕੇ ਗੁਰਸੇਵਕ ਸਿੰਘ ਦਾ ਕਤਲ (ਮਾਰਚ 2025), ਵਿੱਕੀ ਚੁੱਘ ਦਾ ਕਤਲ (ਮਾਰਚ 2025), ਜਸਵੰਤ ਸਿੰਘ ਦਾ ਕਤਲ (ਮਈ 2025) ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਦਾ ਕਤਲ (ਸਤੰਬਰ 2025) ਸ਼ਾਮਲ ਹਨ।
Read More: ਪੰਜਾਬ ‘ਚ ਪਰਾਲੀ ਸਾੜਨ ਦੀਆਂ 3307 ਘਟਨਾਵਾਂ, 60.60 ਲੱਖ ਰੁਪਏ ਦਾ ਲਗਾਇਆ ਜੁਰਮਾਨਾ




