ਸੀ.ਐੱਮ. ਦੀ ਯੋਗਸ਼ਾਲਾ ਪ੍ਰੋਗਰਾਮ ਦੇ ਤਹਿਤ ਪੰਜਾਬ ਹੋ ਰਿਹਾ ਤੰਦਰੁਸਤ
ਮੁਫ਼ਤ ਯੋਗਾ ਕਲਾਸਾਂ ਨਾਲ ਜੁੜੇ ਲੱਖਾਂ ਲੋਕ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਰੱਖਣ ਲਈ ‘ਸੀ.ਐੱਮ. ਦੀ ਯੋਗਸ਼ਾਲਾ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ| ਇਸ ਪ੍ਰੋਗਰਾਮ ਦਾ ਉਦੇਸ਼ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣਾ ਅਤੇ ਧਿਆਨ ਅਤੇ ਯੋਗ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨਾ ਹੈ|
ਸੀ.ਐੱਮ. ਦੀ ਯੋਗਸ਼ਾਲਾ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ, ਬਲਾਕਾਂ ਅਤੇ ਪਿੰਡਾਂ ‘ਚ ਲੋਕ ਸਵੇਰ-ਸ਼ਾਮ ਮੁਫ਼ਤ ਯੋਗਾ ਕਲਾਸਾਂ ਦਾ ਹਿੱਸਾ ਬਣਦੇ ਹਨ| ਸੂਬੇ ਭਰ ‘ਚ ਲੱਖਾਂ ਦੀ ਗਿਣਤੀ ‘ਚ ਲੋਕ ਯੋਗਾ ਕਲਾਸਾਂ ਨਾਲ ਜੁੜੇ ਹੋਏ ਹਨ| ਪੰਜਾਬ ਸਰਕਾਰ ਵੱਲੋਂ ਇਸ ਪ੍ਰੋਗਰਾਮ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਯੋਗ ਨਾਲ ਜੋੜਿਆ ਜਾਵੇ| ਇਸ ਪਹਿਲ ਤਹਿਤ ਬਹੁਤ ਸਾਰੇ ਲੋਕ ਮੁਫ਼ਤ ਯੋਗਾ ਕਰਨ ਲਈ ਰਜਿਸਟ੍ਰੇਸ਼ਨ ਕਰਵਾ ਰਹੇ ਹਨ| ਯੋਗਸ਼ਾਲਾ ਨਾਲ ਬਹੁਤ ਸਾਰੇ ਲੋਕਾਂ ਨੂੰ ਹਾਈਪਰਟੈਂਸ਼ਨ ਅਤੇ ਹੋਰ ਬੀਮਾਰੀਆਂ ਤੋਂ ਰਾਹਤ ਮਿਲੀ ਹੈ|
ਪੰਜਾਬ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਯੋਗਾ ਕਲਾਸਾਂ ਦੇਣ ਲਈ ਸੂਬੇ ਭਰ ‘ਚ ਪ੍ਰਮਾਣਿਤ ਯੋਗਾ ਅਧਿਆਪਕਾਂ ਦੀਆਂ ਟੀਮਾਂ ਦਾ ਗਠਨ ਕੀਤਾ ਹੈ| ਇਸਦੇ ਤਹਿਤ ਸੂਬੇ ਭਰ ‘ਚ ਯੋਗਾ ਕਲਾਸਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ| ਸਰਕਾਰ ਨੇ ਇਸ ਯੋਜਨਾ ਨੂੰ ਬਹੁਤ ਹੀ ਸੌਖਾ ਅਤੇ ਜਨਤਾ ਲਈ ਪਹੁੰਚਯੋਗ ਬਣਾਇਆ ਹੈ| ਕੋਈ ਵੀ ਨਾਗਰਿਕ ਆਸਾਨੀ ਨਾਲ ਇੱਕ ਸਮੂਹ ਬਣਾ ਸਕਦਾ ਹੈ ਅਤੇ ਆਪਣੇ ਆਂਢ-ਗੁਆਂਢ ‘ਚ ਪੰਜਾਬ ਸਰਕਾਰ ਤੋਂ ਸੀ.ਐੱਮ. ਦੀ ਯੋਗਸ਼ਾਲਾ ਪ੍ਰੋਗਰਾਮ ਤਹਿਤ ਲਾਭ ਲੈ ਸਕਦਾ ਹੈ|
ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਮੁਫ਼ਤ ਯੋਗਾ ਸਿਖਲਾਈ ਲਈ ਇੱਕ ਟੋਲ-ਫ੍ਰੀ ਨੰਬਰ: 76694-00500, ਅਤੇ ਇੱਕ ਵੈੱਬਸਾਈਟ, https://cmdiyogshala.punjab.gov.in ਵੀ ਸ਼ੁਰੂ ਕੀਤੀ ਹੋਈ ਹੈ| ਜੇਕਰ ਕਿਸੇ ਵਿਅਕਤੀ ਕੋਲ ਯੋਗਾ ਕਲਾਸ ਲਈ ਢੁਕਵੀਂ ਜਗ੍ਹਾ ਹੈ, ਘੱਟੋ-ਘੱਟ 25 ਮੈਂਬਰਾਂ ਦਾ ਇੱਕ ਗਰੁੱਪ ਹੈ ਤਾਂ ਪੰਜਾਬ ਸਰਕਾਰ ਤੋਂ ਮੁਫ਼ਤ ਯੋਗਾ ਇੰਸਟ੍ਰਕਟਰ ਲੈ ਸਕਦਾ ਹੈ|
ਸੀ.ਐੱਮ. ਦੀ ਯੋਗਸ਼ਾਲਾ ਪ੍ਰੋਗਰਾਮ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਪ੍ਰਾਚੀਨ ਪਰੰਪਰਾਵਾਂ ਦੇ ਸੁਮੇਲ ਨਾਲ ਇਹ ਯੋਗਾ ਕਲਾਸਾਂ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਬਣਨ ‘ਚ ਮੱਦਦ ਕਰ ਰਹੀਆਂ ਹਨ। ਕੋਈ ਵੀ ਵਿਅਕਤੀ ਯੋਗਾ ਆਸਣਾਂ ਰਾਹੀਂ ਜੀਵਨ ਸ਼ੈਲੀ ‘ਚ ਮਹੱਤਵਪੂਰਨ ਬਦਲਾਅ ਲਿਆ ਸਕਦਾ ਹੈ|
ਪੰਜਾਬ ਭਰ ਦੀਆਂ ਵੱਖ-ਵੱਖ ਥਾਵਾਂ ’ਤੇ ਸਵੇਰੇ ਅਤੇ ਸ਼ਾਮ ਨੂੰ ਮੁਫ਼ਤ ਯੋਗ ਕਲਾਸਾਂ ਲਗਾ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਦਵਾਈ ਜਾ ਰਹੀ ਹੈ| ਇਸ ਪ੍ਰੋਗਰਾਮ ਤਹਿਤ ਬੱਚੇ, ਬਜ਼ੁਰਗ, ਔਰਤਾਂ, ਪੁਰਸ਼ ਹਰ ਵਰਗ ਦੇ ਲੋਕਾਂ ਨੂੰ ਯੋਗ ਅਭਿਆਸ ਰਾਹੀਂ ਸਰੀਰਿਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਕੀਤਾ ਜਾ ਰਿਹਾ ਹੈ|
Read More: ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਨੇ ਬਚਾਈਆਂ ਹਜ਼ਾਰਾਂ ਕੀਮਤੀ ਜਾਨਾਂ




