ਚੰਡੀਗੜ੍ਹ, 23 ਅਕਤੂਬਰ 2026: ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਐਮਐਲਏ ਹੋਸਟਲ ਡਿਸਪੈਂਸਰੀ ‘ਚ 1.20 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਆਧੁਨਿਕ ਮੈਡੀਕਲ ਉਪਕਰਨਾਂ ਦਾ ਉਦਘਾਟਨ ਕੀਤਾ। ਇਨ੍ਹਾਂ ਉਪਕਰਨਾਂ ਦੇ ਸ਼ੁਰੂ ਹੋਣ ਨਾਲ ਡਿਸਪੈਂਸਰੀ ‘ਚ ਮਰੀਜ਼ਾਂ ਨੂੰ ਅਤਿ-ਆਧੁਨਿਕ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਉਪਲੱਬਧ ਹੋਣਗੀਆਂ। ਇਸ ਨਾਲ ਟ੍ਰਾਈਸਿਟੀ ਦੇ ਨਾਗਰਿਕਾਂ, ਦੋ ਸੂਬਿਆਂ ਦੇ ਵਿਧਾਇਕਾਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਇੱਕੋ ਥਾਂ ’ਤੇ ਬਿਹਤਰ ਸਿਹਤ ਸੇਵਾਵਾਂ ਮਿਲ ਸਕਣਗੀਆਂ।
ਐਮਐਲਏ ਹੋਸਟਲ ਡਿਸਪੈਂਸਰੀ ‘ਚ ਇਨ੍ਹਾਂ ਨਵੀਆਂ ਸਹੂਲਤਾਂ ਦੇ ਸ਼ੁਰੂ ਹੋਣ ਨਾਲ ਮਰੀਜ਼ਾਂ ਨੂੰ ਆਮ ਜਾਂਚਾਂ ਲਈ ਹੋਰ ਸਿਹਤ ਸੰਸਥਾਵਾਂ ‘ਚ ਜਾਣ ਅਤੇ ਮਸ਼ੀਨਾਂ ਦੀ ਅਣਉਪਲਬਧਤਾ ਕਾਰਨ ਉਡੀਕ ਕਰਨ ਦੀ ਲੋੜ ਘੱਟ ਹੋਵੇਗੀ। ਹੁਣ ਇੱਥੇ 4ਡੀ ਅਲਟਰਾਸਾਊਂਡ ਇਮੇਜਿੰਗ, ਭਰੂਣ ਦੇ ਦਿਲ ਦੀ ਜਾਂਚ, ਡਿਜੀਟਲ ਐਕਸ-ਰੇ, ਆਧੁਨਿਕ ਫਿਜ਼ੀਓਥੈਰੇਪੀ ਅਤੇ ਈਸੀਜੀ ਵਰਗੀਆਂ ਸਹੂਲਤਾਂ ਉਪਲਬਧ ਹੋਣਗੀਆਂ।
ਡਿਸਪੈਂਸਰੀ ‘ਚ 77.15 ਲੱਖ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਅਲਟਰਾਸਾਊਂਡ ਕਲਰ ਡੌਪਲਰ ਸਿਸਟਮ ਸਥਾਪਿਤ ਕੀਤਾ ਗਿਆ ਹੈ। ਇਹ ਮਸ਼ੀਨ 4ਡੀ ਇਮੇਜਿੰਗ, ਫੀਟਲ ਈਕੋਕਾਰਡੀਓਗ੍ਰਾਫੀ ਅਤੇ ਜਿਗਰ, ਛਾਤੀ ਤੇ ਥਾਇਰਾਇਡ ਨਾਲ ਸਬੰਧਤ ਸਥਿਤੀਆਂ ਦੀ ਜਾਂਚ ਲਈ ਉੱਨਤ ਇਲਾਸਟੋਗ੍ਰਾਫੀ ਵਰਗੀਆਂ ਸਹੂਲਤਾਂ ਨਾਲ ਲੈਸ ਹੈ। ਇਹ ਪ੍ਰਣਾਲੀ ਪ੍ਰਤੀ ਸਕਿੰਟ 1,500 ਫ੍ਰੇਮ ਤੱਕ ਇਮੇਜਿੰਗ ਕਰਨ ਅਤੇ 40 ਸੈਂਟੀਮੀਟਰ ਤੱਕ ਦੀ ਡੂੰਘਾਈ ਵਿੱਚ ਜਾਂਚ ਕਰਨ ਦੇ ਸਮਰੱਥ ਹੈ।
ਇਸ ਮਸ਼ੀਨ ‘ਚ ਸੂਈ ਦੀ ਸਥਿਤੀ ਨੂੰ ਸਪੱਸ਼ਟ ਤੌਰ ’ਤੇ ਦੇਖਣ ਲਈ ਵਿਸ਼ੇਸ਼ ਸਾਫਟਵੇਅਰ ਵੀ ਉਪਲਬਧ ਹੈ, ਜਿਸ ਨਾਲ ਡਾਕਟਰਾਂ ਨੂੰ ਵੱਖ-ਵੱਖ ਪ੍ਰਕਿਰਿਆਵਾਂ ਦੌਰਾਨ ਵਧੇਰੇ ਸਟੀਕ ਮਾਰਗਦਰਸ਼ਨ ਮਿਲ ਸਕੇਗਾ। ਇਸ ‘ਚ ਇੱਕ ਲੱਖ ਤੱਕ ਡਿਜੀਟਲ ਇਮੇਜ ਸੁਰੱਖਿਅਤ ਰੱਖਣ ਦੀ ਸਮਰੱਥਾ ਹੈ। ਇਸ ਤੋਂ ਇਲਾਵਾ, ਡੀਆਈਸੀਓਐਮ ਅਤੇ ਐਚਆਈਐਸ/ਆਰਆਈਐਸ ਕਨੈਕਟੀਵਿਟੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਸਹੂਲਤਾਂ ਜਾਂਚ ਪ੍ਰਕਿਰਿਆ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ‘ਚ ਸਹਾਇਕ ਹੋਣਗੀਆਂ।
ਇਸ ਸਹੂਲਤ ਨਾਲ ਗਰਭਵਤੀ ਔਰਤਾਂ, ਦਿਲ ਨਾਲ ਸਬੰਧਤ ਜਾਂਚ ਦੀ ਲੋੜ ਵਾਲੇ ਮਰੀਜ਼ਾਂ ਅਤੇ ਪੇਟ ਤੇ ਸਰੀਰ ਦੇ ਨਰਮ ਟਿਸ਼ੂਆਂ ਨਾਲ ਸਬੰਧਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਲਾਭ ਮਿਲੇਗਾ। ਇਸ ਨਾਲ ਕਈ ਮਾਮਲਿਆਂ ‘ਚ ਮਰੀਜ਼ਾਂ ਨੂੰ ਉੱਨਤ ਜਾਂਚ ਲਈ ਵੱਡੇ ਹਸਪਤਾਲਾਂ ‘ਚ ਜਾਣ ਦੀ ਲੋੜ ਘੱਟ ਹੋ ਸਕੇਗੀ।
ਡਿਸਪੈਂਸਰੀ ‘ਚ 11.01 ਲੱਖ ਰੁਪਏ ਦੀ ਲਾਗਤ ਨਾਲ ਡਿਜੀਟਲ ਰੇਡੀਓਗ੍ਰਾਫੀ ਸਿਸਟਮ ਅਤੇ 7.66 ਲੱਖ ਰੁਪਏ ਦੀ ਲਾਗਤ ਨਾਲ 300 ਐਮਏ ਐਕਸ-ਰੇ ਮਸ਼ੀਨ ਵੀ ਸਥਾਪਿਤ ਕੀਤੀ ਗਈ ਹੈ। ਇਨ੍ਹਾਂ ਸਹੂਲਤਾਂ ਨਾਲ ਫ੍ਰੈਕਚਰ, ਛਾਤੀ ਨਾਲ ਸਬੰਧਤ ਬਿਮਾਰੀਆਂ ਅਤੇ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਵਰਗੀਆਂ ਸਮੱਸਿਆਵਾਂ ਦੀ ਜਾਂਚ ‘ਚ ਮੱਦਦ ਮਿਲੇਗੀ। ਡਿਜੀਟਲ ਤਕਨੀਕ ਨਾਲ ਐਕਸ-ਰੇ ਦੀਆਂ ਤਸਵੀਰਾਂ ਤੇਜ਼ੀ ਨਾਲ ਪ੍ਰਾਪਤ ਕੀਤੀਆਂ ਜਾ ਸਕਣਗੀਆਂ ਅਤੇ ਰਵਾਇਤੀ ਫਿਲਮ ਆਧਾਰਿਤ ਪ੍ਰਣਾਲੀ ’ਤੇ ਨਿਰਭਰਤਾ ਘੱਟ ਹੋਵੇਗੀ।
ਮਰੀਜ਼ਾਂ ਨੂੰ ਆਧੁਨਿਕ ਫਿਜ਼ੀਓਥੈਰੇਪੀ ਸਹੂਲਤਾਂ ਉਪਲਬਧ ਕਰਵਾਉਣ ਲਈ 14.90 ਲੱਖ ਰੁਪਏ ਦੀ ਲਾਗਤ ਨਾਲ ਡੀਪ ਆਸਿਲੇਸ਼ਨ ਪਲਸਡ ਇਲੈਕਟ੍ਰੋਸਟੈਟਿਕ ਫੀਲਡ ਥੈਰੇਪੀ ਯੂਨਿਟ ਅਤੇ 8.70 ਲੱਖ ਰੁਪਏ ਦੀ ਲਾਗਤ ਨਾਲ ਸ਼ੌਕਵੇਵ ਥੈਰੇਪੀ ਯੂਨਿਟ ਸਥਾਪਿਤ ਕੀਤੀ ਗਈ ਹੈ। ਇਨ੍ਹਾਂ ਉਪਕਰਨਾਂ ਰਾਹੀਂ ਪੁਰਾਣੇ ਦਰਦ, ਸੋਜ ਅਤੇ ਤੁਰਨ-ਫਿਰਨ ਵਿੱਚ ਹੋਣ ਵਾਲੀ ਮੁਸ਼ਕਿਲ ਤੋਂ ਪੀੜਤ ਮਰੀਜ਼ਾਂ ਦੇ ਇਲਾਜ ‘ਚ ਮੱਦਦ ਮਿਲੇਗੀ।’
Read More: ਹਰਿਆਣਾ ਸਰਕਾਰ ਵੱਲੋਂ ₹423.48 ਲੱਖ ਦੀ ਲਾਗਤ ਨਾਲ ਸਿਹਤ ਸੰਸਥਾਵਾਂ ਲਈ ਨਵੀਆਂ ਇਮਾਰਤਾਂ ਦੇ ਨਿਰਮਾਣ ਨੂੰ ਪ੍ਰਵਾਨਗੀ




