ਸਪੋਰਟਸ, 26 ਅਪ੍ਰੈਲ 2026: LSG ਬਨਾਮ KKR: ਅੱਜ ਆਈਪੀਐਲ ‘ਚ ਦੋ ਮੈਚ ਖੇਡੇ ਜਾਣਗੇ। ਦਿਨ ਦੇ ਦੂਜੇ ਮੈਚ ‘ਚ ਲਖਨਊ ਸੁਪਰ ਜਾਇੰਟਸ (LSG) ਆਪਣੇ ਘਰੇਲੂ ਮੈਦਾਨ, ਏਕਾਨਾ ਸਟੇਡੀਅਮ ‘ਚ ਕੋਲਕਾਤਾ ਨਾਈਟ ਰਾਈਡਰਜ਼ (KKR) ਦਾ ਸਾਹਮਣਾ ਕਰੇਗਾ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
ਇਹ ਦੂਜਾ ਮੌਕਾ ਹੋਵੇਗਾ ਜਦੋਂ ਲਖਨਊ ਅਤੇ ਕੋਲਕਾਤਾ ਆਹਮੋ-ਸਾਹਮਣੇ ਹੋਣਗੇ। 3 ਅਪ੍ਰੈਲ ਨੂੰ ਕੋਲਕਾਤਾ ‘ਚ ਖੇਡੇ ਗਏ ਮੈਚ ‘ਚ ਐਲਐਸਜੀ ਨੇ ਕੇਕੇਆਰ ਨੂੰ 3 ਵਿਕਟਾਂ ਨਾਲ ਹਰਾਇਆ। ਦੋਵੇਂ ਟੀਮਾਂ ਅੰਕ ਸੂਚੀ ‘ਚ ਸਭ ਤੋਂ ਹੇਠਾਂ ਹਨ। ਲਖਨਊ ਨੇ 7 ਵਿੱਚੋਂ 2 ਮੈਚ ਜਿੱਤੇ ਹਨ ਅਤੇ 9ਵੇਂ ਸਥਾਨ ‘ਤੇ ਹੈ। ਦੂਜੇ ਪਾਸੇ, ਕੋਲਕਾਤਾ ਹੁਣ ਤੱਕ 7 ‘ਚੋਂ ਸਿਰਫ਼ ਇੱਕ ਮੈਚ ਜਿੱਤਿਆ ਹੈ।
ਲਖਨਊ ਟੀਮ ਦਾ ਪਲੜਾ ਭਾਰੀ ਹੈ, ਹੁਣ ਤੱਕ ਖੇਡੇ ਗਏ 7 ਮੈਚਾਂ ‘ਚੋਂ ਲਖਨਊ ਨੇ 5 ਜਿੱਤੇ ਹਨ, ਜਦੋਂ ਕਿ ਕੋਲਕਾਤਾ ਨੇ ਸਿਰਫ਼ 2 ਜਿੱਤੇ ਹਨ। ਲਖਨਊ ਦੇ ਏਕਾਨਾ ਸਟੇਡੀਅਮ ਦੀ ਪਿੱਚ ਸਪਿਨਰਾਂ ਦੇ ਪੱਖ ਵਿੱਚ ਹੋਣ ਦੀ ਉਮੀਦ ਹੈ। ਇੱਥੇ ਹੁਣ ਤੱਕ ਕੁੱਲ 25 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 10 ਮੈਚ ਜਿੱਤੇ, ਅਤੇ ਪਿੱਛਾ ਕਰਨ ਵਾਲੀਆਂ ਟੀਮਾਂ ਨੇ 14 ਜਿੱਤੇ। ਇੱਕ ਮੈਚ ਡਰਾਅ ਵਿੱਚ ਖਤਮ ਹੋਇਆ।
ਇੱਥੇ ਸਭ ਤੋਂ ਵੱਧ IPL ਸਕੋਰ ਕੋਲਕਾਤਾ ਨਾਈਟ ਰਾਈਡਰਜ਼ (KKR) ਕੋਲ ਹੈ, ਜਿਸਨੇ 2024 ‘ਚ ਲਖਨਊ ਵਿਰੁੱਧ 235/6 ਬਣਾਇਆ ਸੀ। ਸਭ ਤੋਂ ਘੱਟ ਸਕੋਰ ਲਖਨਊ ਸੁਪਰ ਜਾਇੰਟਸ (LSG) ਕੋਲ ਹੈ, ਜੋ 2023 ‘ਚ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਵਿਰੁੱਧ ਸਿਰਫ਼ 108 ਦੌੜਾਂ ‘ਤੇ ਆਊਟ ਹੋ ਗਿਆ ਸੀ।
ਐਤਵਾਰ ਨੂੰ ਲਖਨਊ ‘ਚ ਤੇਜ਼ ਧੁੱਪ ਅਤੇ ਅਤਿਅੰਤ ਗਰਮੀ ਹੋਵੇਗੀ। ਹਵਾ ਦੀ ਗਤੀ 19 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਮੈਚ ਵਾਲੇ ਦਿਨ ਤਾਪਮਾਨ 43 ਤੋਂ 27 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ |




