ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026

ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦੇ ਮੈਚਾਂ ਦਾ JioHotstar ਤੇ Star Sports Select 2 ‘ਤੇ ਹੋਵੇਗਾ ਲਾਈਵ ਪ੍ਰਸਾਰਣ

ਨਵੀਂ ਦਿੱਲੀ, 27 ਅਕਤੂਬਰ, 2026: ਪੂਰੇ ਭਾਰਤ ‘ਚ ਹਾਕੀ ਪ੍ਰਸ਼ੰਸਕ ਪੁਰਸ਼ਾਂ ਦੀ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026’ ਦੇ ਮੁਕਾਬਲੇ ‘ਸਟਾਰ ਸਪੋਰਟਸ ਸਿਲੈਕਟ 2’ (Star Sports Select 2) ਅਤੇ ‘JioHotstar ‘ ‘ਤੇ ਸਿੱਧੇ (ਲਾਈਵ) ਦੇਖ ਸਕਣਗੇ। ‘ਹਾਕੀ ਇੰਡੀਆ’ ਨੇ ਇਸ ਵੱਕਾਰੀ ਟੂਰਨਾਮੈਂਟ ਦੇ ਨੌਵੇਂ ਸੰਸਕਰਣ ਲਈ ‘ਜੀਓਸਟਾਰ’ ਨੂੰ ਅਧਿਕਾਰਤ ਪ੍ਰਸਾਰਣ ਭਾਈਵਾਲ ਵਜੋਂ ਘੋਸ਼ਿਤ ਕੀਤਾ ਹੈ। ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ‘ਚ ਕਰਵਾਇਆ ਜਾ ਰਿਹਾ ਹੈ।

ਇਸ ਪ੍ਰਸਾਰਣ ਭਾਈਵਾਲੀ ਨਾਲ ਪ੍ਰਸ਼ੰਸਕਾਂ ਨੂੰ ਟੈਲੀਵਿਜ਼ਨ ਅਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਟੂਰਨਾਮੈਂਟ ਦੇਖਣ ਦਾ ਮੌਕਾ ਮਿਲੇਗਾ, ਜਿਸ ਨਾਲ ਏਸ਼ੀਆ ਦੇ ਇਸ ਪ੍ਰਮੁੱਖ ਪੁਰਸ਼ ਹਾਕੀ ਮੁਕਾਬਲੇ ਦਾ ਉਤਸ਼ਾਹ ਅਤੇ ਰੋਮਾਂਚ ਦੇਸ਼ ਭਰ ਦੇ ਦਰਸ਼ਕਾਂ ਤੱਕ ਪਹੁੰਚੇਗਾ।

6 ਪ੍ਰਮੁੱਖ ਹਾਕੀ ਟੀਮਾਂ ਲੈਣਗੀਆਂ ਹਿੱਸਾ

ਇਸ ਟੂਰਨਾਮੈਂਟ ‘ਚ ਏਸ਼ੀਆ ਦੀਆਂ ਛੇ ਪ੍ਰਮੁੱਖ ਹਾਕੀ ਟੀਮਾਂ ਹਿੱਸਾ ਲੈਣਗੀਆਂ, ਜਿਸ ‘ਚ ਭਾਰਤ ਆਪਣਾ ਸ਼ਾਨਦਾਰ ਰਿਕਾਰਡ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੇਗਾ। ਭਾਰਤ ਤੋਂ ਇਲਾਵਾ, ਚੀਨ, ਜਾਪਾਨ, ਮਲੇਸ਼ੀਆ, ਦੱਖਣੀ ਕੋਰੀਆ ਅਤੇ ਬੰਗਲਾਦੇਸ਼ ਇਸ ਟੂਰਨਾਮੈਂਟ ‘ਚ ਹਿੱਸਾ ਲੈਣ ਵਾਲੀਆਂ ਹੋਰ ਟੀਮਾਂ ਹਨ।

ਭਾਰਤੀ ਪੁਰਸ਼ ਟੀਮ ਇਸ ਟੂਰਨਾਮੈਂਟ ਦੇ ਇਤਿਹਾਸ ‘ਚ ਸਭ ਤੋਂ ਸਫਲ ਟੀਮ ਰਹੀ ਹੈ, ਜਿਸ ਨੇ ਪੰਜ ਵਾਰ ਖਿਤਾਬ ਜਿੱਤਿਆ ਹੈ। ਇਸ ‘ਚ 2018 ‘ਚ ਪਾਕਿਸਤਾਨ ਨਾਲ ਸਾਂਝੇ ਤੌਰ ‘ਤੇ ਜਿੱਤਿਆ ਖਿਤਾਬ ਵੀ ਸ਼ਾਮਲ ਹੈ, ਜਦੋਂ ਮਸਕਟ ‘ਚ ਹੋਣ ਵਾਲਾ ਫਾਈਨਲ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ।

ਜਲੰਧਰ ਸਥਿਤ ‘ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ’ ‘ਚ 27 ਅਕਤੂਬਰ ਤੋਂ 2 ਨਵੰਬਰ ਤੱਕ ਲੀਗ ਪੜਾਅ ਦੇ ਸਾਰੇ ਮੈਚ ਖੇਡੇ ਜਾਣਗੇ। ਇਸ ਨਾਲ ਅਮੀਰ ਖੇਡ ਵਿਰਾਸਤ ਵਾਲੇ ਇਸ ਸ਼ਹਿਰ ‘ਚ ਅੰਤਰਰਾਸ਼ਟਰੀ ਹਾਕੀ ਦੀ ਵਾਪਸੀ ਹੋਵੇਗੀ। ਇਸ ਤੋਂ ਬਾਅਦ ਮੁਕਾਬਲੇ ਮੋਹਾਲੀ ਸਥਿਤ ‘ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ’ ‘ਚ ਤਬਦੀਲ ਹੋ ਜਾਣਗੇ, ਜਿੱਥੇ 4 ਨਵੰਬਰ ਨੂੰ ਸੈਮੀਫਾਈਨਲ ਅਤੇ 5 ਨਵੰਬਰ ਨੂੰ ਤਗਮੇ (ਮੈਡਲ) ਲਈ ਮੁਕਾਬਲੇ ਖੇਡੇ ਜਾਣਗੇ।

ਇਸ ਟੂਰਨਾਮੈਂਟ ‘ਚ ਆਪਣੇ ਸ਼ਾਨਦਾਰ ਰਿਕਾਰਡ ‘ਚ ਇੱਕ ਹੋਰ ਅਧਿਆਏ ਜੋੜਨ ਦੇ ਟੀਚੇ ਨਾਲ, ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026’ ‘ਚ ਉੱਚ ਪੱਧਰੀ ਖੇਡ ਦੇਖਣ ਨੂੰ ਮਿਲੇਗੀ, ਜਿੱਥੇ ਏਸ਼ੀਆ ਦੀਆਂ ਸਰਵੋਤਮ ਟੀਮਾਂ ਮਹਾਂਦੀਪੀ ਖਿਤਾਬ ਲਈ ਆਪਸ ‘ਚ ਭਿੜਨਗੀਆਂ।

ਇਸ ਐਲਾਨ ਬਾਰੇ ਗੱਲ ਕਰਦਿਆਂ, ਹਾਕੀ ਇੰਡੀਆ ਦੇ ਪ੍ਰਧਾਨ ਡਾ. ਦਿਲੀਪ ਟਿਰਕੀ ਨੇ ਕਿਹਾ, “ਸਾਡੇ ਅਧਿਕਾਰਤ ਪ੍ਰਸਾਰਣ ਭਾਈਵਾਲ (broadcast partner) ਵਜੋਂ ‘JioStar’ ਦੇ ਜੁੜਨ ਨਾਲ, ਇਹ ਟੂਰਨਾਮੈਂਟ ਦੇਸ਼ ਭਰ ਦੇ ਹੋਰ ਵੀ ਵੱਡੇ ਦਰਸ਼ਕ ਵਰਗ ਤੱਕ ਪਹੁੰਚ ਸਕੇਗਾ। ਸਾਨੂੰ ਪੂਰਾ ਯਕੀਨ ਹੈ ਕਿ ਪ੍ਰਸ਼ੰਸਕ ਭਾਰਤ ਦਾ ਸਮਰਥਨ ਕਰਨਗੇ ਅਤੇ ਏਸ਼ੀਆਈ ਹਾਕੀ ਦੇ ਸਭ ਤੋਂ ਵਧੀਆ ਮੁਕਾਬਲਿਆਂ ਦਾ ਆਨੰਦ ਲੈਣਗੇ।”

ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਸਿੰਘ ਨੇ ਅੱਗੇ ਕਿਹਾ: “ਸਾਨੂੰ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026’ ਲਈ ‘JioStar’ ਨਾਲ ਸਾਂਝੇਦਾਰੀ ਕਰਨ ‘ਤੇ ਖੁਸ਼ੀ ਹੈ। ‘Star Sports Select 2’ ‘ਤੇ ਪ੍ਰਸਾਰਣ ਅਤੇ ‘JioHotstar’ ‘ਤੇ ਸਟ੍ਰੀਮਿੰਗ ਰਾਹੀਂ, ਪ੍ਰਸ਼ੰਸਕ ਜਿੱਥੇ ਵੀ ਹੋਣਗੇ, ਉੱਥੋਂ ਹੀ ਆਸਾਨੀ ਨਾਲ ਟੂਰਨਾਮੈਂਟ ਦੇਖ ਸਕਣਗੇ। ਜਿਵੇਂ-ਜਿਵੇਂ ਅਸੀਂ ਜਲੰਧਰ ਅਤੇ ਮੋਹਾਲੀ ‘ਚ ਏਸ਼ੀਆ ਦੀਆਂ ਪ੍ਰਮੁੱਖ ਟੀਮਾਂ ਦਾ ਸਵਾਗਤ ਕਰਨ ਦੀ ਤਿਆਰੀ ਕਰ ਰਹੇ ਹਾਂ, ਇਹ ਸਾਂਝੇਦਾਰੀ ਹਾਕੀ ਦੀ ਪਹੁੰਚ ਨੂੰ ਮਜ਼ਬੂਤ ​​ਕਰਨ ਅਤੇ ਹੋਰ ਲੋਕਾਂ ਨੂੰ ਇਸ ਖੇਡ ਨਾਲ ਜੋੜਨ ‘ਚ ਮੱਦਦ ਕਰੇਗੀ।”

Read More: ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਜਾਪਾਨ ਦੀ ਹਾਕੀ ਟੀਮ ਮੋਹਾਲੀ ਪਹੁੰਚੀ

ਵਿਦੇਸ਼

Scroll to Top