ਦੇਹਰਾਦੂਨ, 7 ਅਗਸਤ : ਬੀਤੀ ਰਾਤ ਤੋਂ ਉੱਤਰਾਖੰਡ ਵਿੱਚ ਪੈ ਰਹੇ ਮੀਂਹ ਕਾਰਨ ਸੂਬੇ ਭਰ ਵਿੱਚ ਜਨਜੀਵਨ ਅਸਤ-ਵਿਅਸਤ ਹੋ ਗਿਆ ਹੈ। ਮੀਂਹ ਕਾਰਨ ਪਹਾੜਾਂ ਤੋਂ ਮਲਬਾ ਡਿੱਗਣ ਨਾਲ ਚਾਰਧਾਮ ਯਾਤਰਾ ਦੇ ਮੁੱਖ ਰਸਤੇ ਵਾਰ-ਵਾਰ ਬੰਦ ਹੋ ਰਹੇ ਹਨ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ੁੱਕਰਵਾਰ ਨੂੰ ਕੇਦਾਰਨਾਥ ਹਾਈਵੇਅ ਨੂੰ ਛੱਡ ਕੇ ਬਾਕੀ ਪ੍ਰਮੁੱਖ ਮਾਰਗ ਬੰਦ ਪਏ ਹਨ। ਕਲੇਸ਼ਵਰ ਵਿਖੇ ਮਲਬਾ ਆਉਣ ਕਾਰਨ ਬਦਰੀਨਾਥ ਹਾਈਵੇਅ ਠੱਪ ਹੈ। ਇਸੇ ਤਰ੍ਹਾਂ ਗੰਗੋਤਰੀ ਹਾਈਵੇਅ ਹੇਲਗੁਗੜ, ਨਲੂਪਾਨੀ ਅਤੇ ਗੰਗਨਾਨੀ ਨੇੜੇ ਅਤੇ ਯਮੁਨੋਤਰੀ ਹਾਈਵੇਅ ਡਰਬੀਲ ਤੇ ਸਨਾਚੱਟੀ ਨੇੜੇ ਬੰਦ ਹੈ। ਸੜਕਾਂ ਨੂੰ ਖੋਲ੍ਹਣ ਲਈ ਪ੍ਰਸ਼ਾਸਨ ਵੱਲੋਂ ਮਸ਼ੀਨਾਂ ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ। ਕੋਟਦੁਆਰ ਖੇਤਰ ਵਿੱਚ ਵੀ ਬੁਵਾਖਲ ਰਾਮਨਗਰ ਨੈਸ਼ਨਲ ਹਾਈਵੇਅ ਸਮੇਤ ਕਈ ਸੰਪਰਕ ਮਾਰਗ ਬੰਦ ਹੋਣ ਦੀ ਸੂਚਨਾ ਹੈ।
ਲਗਾਤਾਰ ਮੀਂਹ ਕਾਰਨ ਰੁਦਰਪ੍ਰਯਾਗ ਵਿੱਚ ਅਲਕਨੰਦਾ ਅਤੇ ਮੰਦਾਕਿਨੀ ਨਦੀਆਂ ਦਾ ਪਾਣੀ ਦਾ ਪੱਧਰ ਚਿਤਾਵਨੀ ਰੇਖਾ ਨੂੰ ਪਾਰ ਕਰ ਚੁੱਕਾ ਹੈ। ਜ਼ਿਲ੍ਹਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਲੋਕਾਂ ਨੂੰ ਚੌਕਸ ਕਰਦਿਆਂ ਨਦੀਆਂ ਅਤੇ ਦਰਿਆਵਾਂ ਦੇ ਕਿਨਾਰਿਆਂ ਤੋਂ ਦੂਰ ਰਹਿਣ ਦੀ ਸਖ਼ਤ ਅਪੀਲ ਕੀਤੀ ਹੈ। ਹਾਲਾਂਕਿ ਗੰਗਾਨਗਰ ਅਤੇ ਗੌਰੀਕੁੰਡ ਵਿੱਚ ਪਾਣੀ ਦਾ ਪੱਧਰ ਅਜੇ ਕਾਬੂ ਹੇਠ ਹੈ।
ਪਹਾੜੀ ਇਲਾਕਿਆਂ ਵਿੱਚ ਬਿਜਲੀ ਅਤੇ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਣ ਕਾਰਨ ਕੁਝ ਪਿੰਡਾਂ ਵਿੱਚ ਸਪਲਾਈ ਠੱਪ ਹੋ ਗਈ ਹੈ। ਸ਼ਹਿਰੀ ਖੇਤਰਾਂ ਵਿੱਚ ਵੀ ਪਾਣੀ ਭਰਨ ਦੀ ਸਮੱਸਿਆ ਗੰਭੀਰ ਬਣ ਗਈ ਹੈ। ਮੌਸਮ ਵਿਭਾਗ ਨੇ ਦੇਹਰਾਦੂਨ, ਚਮੋਲੀ ਅਤੇ ਬਾਗੇਸ਼ਵਰ ਵਿੱਚ ਭਾਰੀ ਮੀਂਹ ਦਾ ‘ਆਰੇਂਜ ਅਲਰਟ’ ਜਾਰੀ ਕੀਤਾ ਹੈ।
ਪ੍ਰਸ਼ਾਸਨ ਨੇ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੌਸਮ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਜਾਂਚ ਕੇ ਹੀ ਆਪਣੀ ਯਾਤਰਾ ਦੀ ਯੋਜਨਾ ਬਣਾਉਣ।
Read More : 2047 ਤੱਕ ਸਿਹਤ ਖੇਤਰ ‘ਚ ਹਰਿਆਣਾ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਸਰਕਾਰ ਦਾ ਟੀਚਾ: CM ਨਾਇਬ ਸੈਣੀ




