ਹਰਿਆਣਾ, 29 ਅਕਤੂਬਰ 2026: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਗੰਨਾ ਕਿਸਾਨਾਂ ਦੇ ਹਿੱਤ ਵਿੱਚ ਵੱਡਾ ਕਦਮ ਚੁੱਕਦਿਆਂ ਅਗਲੇ ਦੋ ਸਾਲਾਂ ਲਈ ਗੰਨੇ ਦੇ ਭਾਅ ‘ਚ ਵਾਧੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਾਲ 2026-27 ਦੇ ਸੀਜ਼ਨ ‘ਚ ਗੰਨੇ ਦਾ ਭਾਅ 430 ਰੁਪਏ ਪ੍ਰਤੀ ਕੁਇੰਟਲ ਹੋਵੇਗਾ, ਜਦੋਂ ਕਿ ਸਾਲ 2027-28 ‘ਚ ਇਸ ਨੂੰ ਵਧਾ ਕੇ 450 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇਗਾ। ਇਸ ਤਰ੍ਹਾਂ ਦੋ ਸਾਲਾਂ ‘ਚ ਗੰਨੇ ਦੇ ਭਾਅ ‘ਚ ਕੁੱਲ 35 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਵੇਗਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 2025-26 ‘ਚ ਗੰਨੇ ਦਾ ਭਾਅ 415 ਰੁਪਏ ਪ੍ਰਤੀ ਕੁਇੰਟਲ ਸੀ। ਇਸ ਨੂੰ 15 ਰੁਪਏ ਵਧਾ ਕੇ ਸਾਲ 2026-27 ‘ਚ 430 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇਗਾ। ਇਸ ਤੋਂ ਬਾਅਦ ਸਾਲ 2027-28 ‘ਚ ਕਿਸਾਨਾਂ ਨੂੰ 450 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਗੰਨੇ ਦਾ ਭੁਗਤਾਨ ਹੋਵੇਗਾ।
ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਗੰਨੇ ਦੀ ਪੈਦਾਵਾਰ 700 ਤੋਂ 800 ਕੁਇੰਟਲ ਪ੍ਰਤੀ ਹੈਕਟੇਅਰ ਹੁੰਦੀ ਹੈ। ਇਸ ਆਧਾਰ ‘ਤੇ ਗੰਨੇ ਦੇ ਭਾਅ ‘ਚ ਵਾਧੇ ਨਾਲ ਕਿਸਾਨਾਂ ਦੀ ਆਮਦਨ ਪ੍ਰਤੀ ਸੀਜ਼ਨ, ਪ੍ਰਤੀ ਏਕੜ 10 ਹਜ਼ਾਰ ਰੁਪਏ ਤੋਂ 11 ਹਜ਼ਾਰ 300 ਰੁਪਏ ਤੱਕ ਵਧੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦਿਨੀਂ ਕਈ ਕਿਸਾਨ ਜਥੇਬੰਦੀਆਂ ਨਾਲ ਮੁਲਾਕਾਤ ਦੌਰਾਨ ਕਿਸਾਨਾਂ ਨੇ ਡੀਜ਼ਲ, ਮਜ਼ਦੂਰੀ ਅਤੇ ਖਾਦ ਦੀਆਂ ਕੀਮਤਾਂ ਵਧਣ ਨਾਲ ਖੇਤੀ ਦੀ ਲਾਗਤ ਵਧਣ ‘ਤੇ ਚਿੰਤਾ ਪ੍ਰਗਟਾਈ ਸੀ। ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਕਰਨ ਨਾਲ ਕਿਸਾਨਾਂ ਨੂੰ ਵਧੀ ਹੋਈ ਲਾਗਤ ਦੀ ਭਰਪਾਈ ਵਿੱਚ ਵੀ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਗੰਨੇ ਦਾ ਭਾਅ ਵਧਣ ਨਾਲ ਕਿਸਾਨ ਇਸ ਦੀ ਖੇਤੀ ਕਰਨ ਲਈ ਉਤਸ਼ਾਹਿਤ ਹੋਣਗੇ। ਇਸ ਨਾਲ ਗੰਨੇ ਦੀ ਜ਼ਿਆਦਾ ਪੈਦਾਵਾਰ ਹੋਵੇਗੀ ਅਤੇ ਖੰਡ ਮਿੱਲਾਂ ਨੂੰ ਲੋੜੀਂਦੀ ਮਾਤਰਾ ‘ਚ ਗੰਨਾ ਉਪਲਬਧ ਹੋ ਸਕੇਗਾ। ਇਸ ਨਾਲ ਮਿੱਲਾਂ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਕਰ ਸਕਣਗੀਆਂ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਗਲੇ ਸਾਲ ਦਾ ਭਾਅ ਪਹਿਲਾਂ ਤੋਂ ਐਲਾਨਿਆ ਹੋਣ ‘ਤੇ ਕਿਸਾਨਾਂ ਨੂੰ ਆਪਣੀ ਖੇਤੀ ਦੀ ਯੋਜਨਾ ਬਣਾਉਣ ‘ਚ ਆਸਾਨੀ ਹੋਵੇਗੀ। ਰਾਸ਼ਟਰੀ ਪੱਧਰ ‘ਤੇ ਗੰਨੇ ਦੀ ਘਾਟ ਦੇ ਵਿਚਕਾਰ ਇਹ ਕਦਮ ਕਿਸਾਨਾਂ ਨੂੰ ਦੂਜੀਆਂ ਫਸਲਾਂ ਵੱਲ ਰੁਖ਼ ਕਰਨ ਤੋਂ ਰੋਕਣ ‘ਚ ਵੀ ਮਦਦ ਕਰੇਗਾ।
Read More: ‘ਮੁਹੱਬਤ ਦੀ ਦੁਕਾਨ’ ‘ਚ ਜ਼ਹਿਰ ਵੇਚਣ ਦਾ ਕੰਮ ਕਰ ਰਹੇ ਹਨ ਰਾਹੁਲ ਗਾਂਧੀ: CM ਨਾਇਬ ਸਿੰਘ ਸੈਣੀ




