ਅੰਮ੍ਰਿਤਸਰ, 19 ਨਵੰਬਰ 2026: ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਸੀਮਾ ਸੁਰੱਖਿਆ ਬਲ ਨੇ ਸਾਂਝੇ ਅਤੇ ਵੱਖ-ਵੱਖ ਆਪ੍ਰੇਸ਼ਨਾਂ ਰਾਹੀਂ ਭਾਰਤ-ਪਾਕਿਸਤਾਨ ਸਰਹੱਦ ‘ਤੇ ਕੰਮ ਕਰ ਰਹੇ ਤਸਕਰਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਨ ‘ਚ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ। ਸੁਰੱਖਿਆ ਏਜੰਸੀਆਂ ਨੇ ਜ਼ਿਲ੍ਹੇ ਦੇ ਵੱਖ-ਵੱਖ ਸਰਹੱਦੀ ਖੇਤਰਾਂ ਤੋਂ ਕੁੱਲ 16 ਕਿੱਲੋ 308 ਗ੍ਰਾਮ ਹੈਰੋਇਨ, 1 ਕਿੱਲੋ 330 ਗ੍ਰਾਮ ਅਫੀਮ, ਇੱਕ ਪਾਕਿਸਤਾਨੀ ਡਰੋਨ, ਪੰਜ ਪਿਸਤੌਲ ਅਤੇ ਵੱਡੀ ਮਾਤਰਾ ‘ਚ ਗੋਲਾ ਬਾਰੂਦ ਬਰਾਮਦ ਕੀਤਾ ਹੈ।
ਇਨ੍ਹਾਂ ਮਾਮਲਿਆਂ ‘ਚ ਚਾਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸਭ ਤੋਂ ਵੱਡੀ ਜ਼ਬਤੀ ਭਿੰਡੀ ਸੈਦਾ ਥਾਣਾ ਖੇਤਰ ਦੇ ਅਧੀਨ ਬੀਐਸਐਫ ਚੌਕੀ ਫਤਿਹਪੁਰ ਦੇ ਨੇੜੇ ਹੋਈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜੀ ਗਈ ਕੁੱਲ 6 ਕਿੱਲੋ 712 ਗ੍ਰਾਮ ਭਾਰ ਵਾਲੀ ਹੈਰੋਇਨ ਦੇ ਬਾਰਾਂ ਪੈਕੇਟ ਬਰਾਮਦ ਕੀਤੇ ਗਏ। ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਤਸਕਰੀ ‘ਚ ਵਰਤੇ ਗਏ ਡਰੋਨ ਨੂੰ ਵੀ ਜ਼ਬਤ ਕਰ ਲਿਆ।
ਇੱਕ ਤੇਜ਼ ਕਾਰਵਾਈ ‘ਚ ਪੁਲਿਸ ਅਤੇ ਬੀਐਸਐਫ ਨੇ ਲੋਪੋਕੇ ਖੇਤਰ ‘ਚ ਤਸਕਰੀ ਦੇ ਕਈ ਮਾਮਲਿਆਂ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ 4 ਕਿਲੋ ਹੈਰੋਇਨ ਅਤੇ 800 ਗ੍ਰਾਮ ਅਫੀਮ ਬਰਾਮਦ ਕੀਤੀ।
ਇਸੇ ਖੇਤਰ ‘ਚ ਲਿੰਕ ਰੋਡ ਨੇੜੇ ਇੱਕ ਤਲਾਸ਼ੀ ਮੁਹਿੰਮ ਦੌਰਾਨ ਇੱਕ ਛੱਡੇ ਹੋਏ ਕੰਟੇਨਰ ‘ਚੋਂ 5 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ਪੁਲਿਸ ਨੇ ਇੱਕ ਹੋਰ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਅਤੇ 530 ਗ੍ਰਾਮ ਅਫੀਮ ਜ਼ਬਤ ਕੀਤੀ। ਲੋਪੋਕੇ ਖੇਤਰ ‘ਚ ਇੱਕ ਵਿਸ਼ੇਸ਼ ਮੁਹਿੰਮ ‘ਚ ਬੀਐਸਐਫ ਨੇ 4 ਪਿਸਤੌਲ, 8 ਮੈਗਜ਼ੀਨ ਅਤੇ 100 ਜ਼ਿੰਦਾ ਕਾਰਤੂਸ ਬਰਾਮਦ ਕੀਤੇ।
Read More: ਅੰਮ੍ਰਿਤਸਰ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 38 ਕਿੱਲੋ ਹੈਰੋਇਨ ਸਮੇਤ 7 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ




