ਹਰਿਆਣਾ, 18 ਜੁਲਾਈ 2026: ਭਾਜਪਾ ਜ਼ਿਲ੍ਹਾ ਅੰਬਾਲਾ ਕਾਰਜਕਾਰੀ ਮੈਂਬਰ, ਸ਼ਹਿਜ਼ਾਦਪੁਰ ਦੇ ਸਾਬਕਾ ਮੰਡਲ ਪ੍ਰਧਾਨ ਅਤੇ ਬਲਾਕ ਕਮੇਟੀ ਸ਼ਹਿਜ਼ਾਦਪੁਰ ਦੇ ਸਾਬਕਾ ਚੇਅਰਮੈਨ ਗੁਰਨਾਮ ਸਿੰਘ ਗੁੱਜਰ ਦਾ 17 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਨੀਵਾਰ ਨੂੰ ਅੰਬਾਲਾ ਜ਼ਿਲ੍ਹੇ ਦੇ ਧਨਾਨਾ ਪਿੰਡ ‘ਚ ਸਵਰਗੀ ਗੁਰਨਾਮ ਸਿੰਘ ਗੁਰਜਰ ਦੇ ਨਿਵਾਸ ਸਥਾਨ ‘ਤੇ ਗਏ। ਮੁੱਖ ਮੰਤਰੀ ਨੇ ਉਨ੍ਹਾਂ ਦੀ ਮ੍ਰਿਤਕ ਦੇਹ ‘ਤੇ ਸ਼ਾਲ ਪਾ ਕੇ ਅਤੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਚੜ੍ਹਾ ਕੇ ਸਵਰਗੀ ਗੁਰਨਾਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵਰਗੀ ਗੁਰਨਾਮ ਸਿੰਘ ਗੁਰਜਰ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਡੂੰਘਾ ਦੁੱਖ ਪ੍ਰਗਟ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਵਰਗੀ ਗੁਰਨਾਮ ਸਿੰਘ ਭਾਰਤੀ ਜਨਤਾ ਪਾਰਟੀ ਦੇ ਇੱਕ ਮਿਹਨਤੀ, ਅਨੁਸ਼ਾਸਿਤ ਅਤੇ ਸਮਰਪਿਤ ਵਰਕਰ ਸਨ। ਉਨ੍ਹਾਂ ਨੇ ਨਾ ਸਿਰਫ਼ ਸੰਗਠਨ ਨੂੰ ਮਜ਼ਬੂਤ ਕੀਤਾ ਸਗੋਂ ਸਮਾਜ ਸੇਵਾ ‘ਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਦੀ ਸਾਦੀ ਸ਼ਖ਼ਸੀਅਤ, ਜਨਤਕ ਸੇਵਾ ਪ੍ਰਤੀ ਸਮਰਪਣ ਅਤੇ ਸੰਗਠਨ ਪ੍ਰਤੀ ਵਫ਼ਾਦਾਰੀ ਹਮੇਸ਼ਾ ਪ੍ਰੇਰਨਾ ਸਰੋਤ ਰਹੇਗੀ।
ਮੁੱਖ ਮੰਤਰੀ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਸਥਾਨ ਦੇਣ ਅਤੇ ਦੁਖੀ ਪਰਿਵਾਰ ਨੂੰ ਇਸ ਅਸਹਿ ਘਾਟੇ ਨੂੰ ਸਹਿਣ ਦੀ ਤਾਕਤ ਦੇਣ।




