ਜੰਤਰ-ਮੰਤਰ ’ਤੇ ਤਿਰੰਗਾ ਲਹਿਰਾਉਣ ਦੇ ਮਾਮਲੇ ’ਚ CJP ਆਗੂ ਗ੍ਰਿਫ਼ਤਾਰ, ਕੇਜਰੀਵਾਲ ਸਮੇਤ ਕਈਂ ਆਗੂਆਂ ਨੇ CJP ਦਾ ਕੀਤਾ ਸਮਰਥਨ

ਨਵੀਂ ਦਿੱਲੀ 14 ਅਕਤੂਬਰ 2026: ਕਾਕਰੋਚ ਜਨਤਾ ਪਾਰਟੀ (CJP) ਦੇ ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਵ ਦਾਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ਦੀ ਸਿਆਸਤ ਗਰਮਾ ਗਈ ਹੈ। ਕਾਂਗਰਸ ਆਗੂ ਰਾਹੁਲ ਗਾਂਧੀ, ਡੀਐਮਕੇ ਮੁਖੀ ਐੱਮ.ਕੇ. ਸਟਾਲਿਨ, ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ, ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਆਗੂ ਆਦਿਤਿਆ ਠਾਕਰੇ ਨੇ ਗ੍ਰਿਫ਼ਤਾਰੀਆਂ ਦੀ ਨਿੰਦਾ ਕੀਤੀ ਹੈ। ਵਿਰੋਧੀ ਆਗੂਆਂ ਨੇ ਕਿਹਾ ਕਿ ਸਰਕਾਰ ਗ੍ਰਿਫ਼ਤਾਰੀਆਂ ਰਾਹੀਂ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ।

ਇਸ ਤੋਂ ਬਾਅਦ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸਾਰੇ ਵਿਰੋਧੀ ਆਗੂਆਂ ਦਾ ਸਮਰਥਨ ਦੇਣ ਲਈ ਧੰਨਵਾਦ ਕੀਤਾ। ਇੰਡੀਆ ਗਠਜੋੜ, CJP ਅਤੇ ਹੋਰ ਵਿਰੋਧੀ ਪਾਰਟੀਆਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਵੀ ਮੋਰਚਾ ਖੋਲ੍ਹ ਰਹੀਆਂ ਹਨ। ਉਹ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰਾਈ ਨਾਲ ਸਮੀਖਿਆ (SIR) ਦੀ ਪ੍ਰਕਿਰਿਆ ਰੱਦ ਕਰਨ ਦੀ ਮੰਗ ਕਰ ਰਹੀਆਂ ਹਨ।

ਰਾਹੁਲ ਗਾਂਧੀ ਨੇ ਕਿਹਾ—ਵੱਖਰੇ ਬੈਨਰ, ਪਰ ਮਕਸਦ ਇੱਕ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਜੰਤਰ-ਮੰਤਰ ’ਤੇ ਹੋਏ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੌਰਾਨ ਤਿਰੰਗਾ ਲਹਿਰਾਉਣ ਨੂੰ ਅਪਰਾਧ ਮੰਨਣ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਸ ਕਾਰਨ ਨੌਜਵਾਨਾਂ ਨੂੰ ਜੇਲ੍ਹ ਭੇਜਣਾ ਕਾਇਰਤਾਪੂਰਨ ਕਦਮ ਹੈ।

ਰਾਹੁਲ ਗਾਂਧੀ ਨੇ ਕਿਹਾ, “ਵੱਖਰੇ ਬੈਨਰ, ਪਰ ਮਕਸਦ ਇੱਕ ਹੈ। ਸਾਰਿਆਂ ਦਾ ਵਿਰੋਧ ਇੱਕੋ ਹੈ ਅਤੇ ਨਾਗਰਿਕ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਮੰਗ ਕਰ ਰਹੇ ਹਨ।”

ਉਨ੍ਹਾਂ ਅੱਗੇ ਕਿਹਾ ਕਿ ਜੰਤਰ-ਮੰਤਰ ਭਾਰਤ ਦੇ ਲੋਕਾਂ ਦਾ ਹੈ ਅਤੇ ਇਸ ਨੂੰ ਮੁੜ ਵਿਰੋਧ ਪ੍ਰਦਰਸ਼ਨਾਂ ਲਈ ਸਥਾਨ ਵਜੋਂ ਬਹਾਲ ਕੀਤਾ ਜਾਵੇਗਾ।

ਐੱਮ.ਕੇ. ਸਟਾਲਿਨ ਨੇ ਸਰਕਾਰ ਨੂੰ ਘੇਰਿਆ
ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਡੀਐਮਕੇ ਆਗੂ ਐੱਮ.ਕੇ. ਸਟਾਲਿਨ ਨੇ ਗ੍ਰਿਫ਼ਤਾਰੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਆਖ਼ਿਰ ਕਿੰਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਸਕਦੀ ਹੈ ਅਤੇ ਭਾਜਪਾ ਕਿੰਨੇ ਨੌਜਵਾਨਾਂ ਦੀ ਆਵਾਜ਼ ਦਬਾ ਸਕਦੀ ਹੈ?

ਉਨ੍ਹਾਂ ਕਿਹਾ ਕਿ ਜਿੰਨੇ ਵੱਧ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ, ਉੱਨੇ ਹੀ ਵੱਧ ਆਮ ਨਾਗਰਿਕ ਸੜਕਾਂ ’ਤੇ ਉਤਰ ਕੇ ਆਪਣੀ ਤਾਕਤ ਦਿਖਾਉਣਗੇ। ਉਨ੍ਹਾਂ ਮੁਤਾਬਕ, ਇਨ੍ਹਾਂ ਨਾਗਰਿਕਾਂ ਦਾ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਹੋਣਾ ਵੀ ਜ਼ਰੂਰੀ ਨਹੀਂ ਹੈ।

ਅਰਵਿੰਦ ਕੇਜਰੀਵਾਲ ਨੇ ਪੁੱਛਿਆ—ਕੀ ਤਿਰੰਗਾ ਲਹਿਰਾਉਣਾ ਅਪਰਾਧ ਹੈ?
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਗ੍ਰਿਫ਼ਤਾਰੀਆਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕੀ ਆਪਣੇ ਹੀ ਦੇਸ਼ ਵਿੱਚ ਆਪਣਾ ਕੌਮੀ ਝੰਡਾ ਲਹਿਰਾਉਣਾ ਕੋਈ ਅਪਰਾਧ ਹੈ? ਉਨ੍ਹਾਂ ਨੇ ਇਸ ਕਾਰਵਾਈ ਨੂੰ ਬੇਤੁਕਾ ਕਰਾਰ ਦਿੱਤਾ।

ਆਦਿਤਿਆ ਠਾਕਰੇ ਨੇ ਤਾਨਾਸ਼ਾਹੀ ਦਾ ਦੋਸ਼ ਲਾਇਆ
ਸ਼ਿਵ ਸੈਨਾ (ਯੂਬੀਟੀ) ਦੇ ਆਗੂ ਆਦਿਤਿਆ ਠਾਕਰੇ ਨੇ ਕਿਹਾ ਕਿ ਸਰਕਾਰ ਨੇ ਜੰਤਰ-ਮੰਤਰ ’ਤੇ ਤਿਰੰਗਾ ਲਹਿਰਾਉਣ ਕਾਰਨ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਜੇਲ੍ਹ ਭੇਜ ਦਿੱਤਾ ਹੈ।

ਉਨ੍ਹਾਂ ਸਵਾਲ ਕੀਤਾ ਕਿ ਆਪਣੇ ਹੀ ਦੇਸ਼ ਵਿੱਚ ਨੌਜਵਾਨ ਭਾਰਤੀਆਂ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣਾ ਕਦੋਂ ਤੋਂ ਅਪਰਾਧ ਬਣ ਗਿਆ ਹੈ? ਠਾਕਰੇ ਨੇ ਕਿਹਾ ਕਿ ਸਰਕਾਰ ਅਤੇ ਦੇਸ਼ਭਗਤ ਨੌਜਵਾਨਾਂ ਵਿਚਾਲੇ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਲੋਕਤੰਤਰ ਨੂੰ ਤਾਨਾਸ਼ਾਹੀ ਤੋਂ ਮੁੜ ਆਜ਼ਾਦ ਨਹੀਂ ਕਰਵਾ ਲਿਆ ਜਾਂਦਾ।

ਅਭਿਸ਼ੇਕ ਬੈਨਰਜੀ ਨੇ ਕੇਂਦਰ ਸਰਕਾਰ ’ਤੇ ਸਾਧਿਆ ਨਿਸ਼ਾਨਾ
ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਵੀ ਗ੍ਰਿਫ਼ਤਾਰੀਆਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਸਭ ਤੋਂ ਵੱਡੇ ਰਾਸ਼ਟਰਵਾਦੀ ਕਹਿਣ ਵਾਲੇ ਲੋਕ ਹੁਣ ਭਾਰਤੀਆਂ ਨੂੰ ਆਪਣੇ ਹੀ ਦੇਸ਼ ਵਿੱਚ ਤਿਰੰਗਾ ਲਹਿਰਾਉਣ ਲਈ ਗ੍ਰਿਫ਼ਤਾਰ ਕਰ ਰਹੇ ਹਨ।

ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਮੁਤਾਬਕ ਇਹ ਕਾਰਵਾਈ ਸ਼ਾਂਤੀ ਭੰਗ ਕਰਨ ਵਰਗੀ ਹੈ। ਬੈਨਰਜੀ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਦੀ ਤੁਲਨਾ ਕਰਦਿਆਂ ਭਾਰਤ ਦੀ ਮੌਜੂਦਾ ਸਥਿਤੀ ’ਤੇ ਤਿੱਖਾ ਹਮਲਾ ਕੀਤਾ।

ਜੰਤਰ-ਮੰਤਰ ’ਤੇ ਪ੍ਰਦਰਸ਼ਨ ਤੋਂ ਬਾਅਦ ਹੋਈ ਗ੍ਰਿਫ਼ਤਾਰੀ
ਦੱਸਿਆ ਗਿਆ ਹੈ ਕਿ ਦਿੱਲੀ ਪੁਲਿਸ ਵੱਲੋਂ ਜੰਤਰ-ਮੰਤਰ ਨੂੰ ਪ੍ਰਦਰਸ਼ਨ ਸਥਾਨ ਵਜੋਂ ਗੈਰ-ਅਧਿਸੂਚਿਤ ਕੀਤੇ ਜਾਣ ਦੇ ਵਿਰੋਧ ਵਿੱਚ CJP ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ 13 ਅਕਤੂਬਰ ਨੂੰ ਗੇਟ ਟੱਪ ਕੇ ਜੰਤਰ-ਮੰਤਰ ਪਹੁੰਚੇ ਸਨ। ਉਨ੍ਹਾਂ ਦੇ ਨਾਲ ਕੁਝ ਹੋਰ ਕਾਰਕੁਨ ਵੀ ਮੌਜੂਦ ਸਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

ਅਗਲੀ ਸਵੇਰ ਪੁਲਿਸ ਨੇ ਦੋਵਾਂ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ। ਰਿਪੋਰਟ ਮੁਤਾਬਕ, ਮੈਜਿਸਟ੍ਰੇਟ ਨੇ ਉਨ੍ਹਾਂ ਨੂੰ ਪੰਜ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਇਸ ਮਾਮਲੇ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸਰਕਾਰ ਖ਼ਿਲਾਫ਼ ਆਪਣਾ ਵਿਰੋਧ ਹੋਰ ਤੇਜ਼ ਕਰ ਦਿੱਤਾ ਹੈ। ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਲੋਕਤੰਤਰ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨ ਅਤੇ ਸੰਵਿਧਾਨਕ ਅਧਿਕਾਰਾਂ ਦੀ ਮੰਗ ਕਰਨ ਵਾਲਿਆਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ।

Read More: CJP ਆਸ਼ੂਤੋਸ਼-ਸੌਰਵ ਦੀ ਨਿਆਂਇਕ ਹਿਰਾਸਤ ਨੂੰ ਚੁਣੌਤੀ ਦੇਣਗੇ, ਦੀਪਕੇ ਦਿੱਲੀ ਲਈ ਹੋਏ ਰਵਾਨਾ

ਵਿਦੇਸ਼

Scroll to Top