ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), 17 ਅਪ੍ਰੈਲ 2026: ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਅੱਜ ਸੰਬੰਧਤ ਅਧਿਕਾਰੀਆਂ ਨਾਲ ਬੈਠਕ ਦੌਰਾਨ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ‘ਚ ‘ਰੰਗਲਾ ਪੰਜਾਬ’ ਮਿਸ਼ਨ ਹੇਠ ਕਰੀਬ 8.47 ਕਰੋੜ ਰੁਪਏ ਦੀ ਲਾਗਤ ਨਾਲ 174 ਵਿਕਾਸ ਕੰਮ ਦੇ ਪ੍ਰਗਤੀ ਦਾ ਜਾਇਜ਼ਾ ਲਿਆ | ਇਸ ਬੈਠਕ ਦੌਰਾਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਇੰਜੀ. ਪ੍ਰਭਜੋਤ ਕੌਰ ਵੀ ਮੌਜੂਦ ਸਨ।
ਮੰਤਰੀ ਮੋਹਿੰਦਰ ਭਗਤ ਨੇ ਬੈਠਕ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਕੰਮ ਤਰਜੀਹ ਦੇ ਆਧਾਰ ‘ਤੇ ਛੇਤੀ ਮੁਕੰਮਲ ਕੀਤੇ ਜਾਣ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਕੁੱਲ 174 ਕੰਮਾਂ ਵਿੱਚੋਂ 45 ਕੰਮ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਤਿੰਨ ਹਲਕਿਆਂ ਲਈ 2.5-2.5 ਕਰੋੜ ਰੁਪਏ ਦੀ ਹੋਰ ਕਿਸ਼ਤ ਵੀ ਪ੍ਰਾਪਤ ਹੋ ਚੁੱਕੀ ਹੈ।
ਮੰਤਰੀ ਮੁਤਾਬਕ ਮੋਹਾਲੀ, ਖਰੜ, ਡੇਰਾਬੱਸੀ ਅਤੇ ਬਨੂੰੜ ਦੇ ਇਹਨਾਂ ਵਿਕਾਸ ਕੰਮਾਂ ‘ਚ ਕਮਿਊਨਿਟੀ ਸੈਂਟਰਾਂ, ਪੰਚਾਇਤ ਘਰਾਂ, ਧਰਮਸ਼ਾਲਾਵਾਂ, ਖੇਡ ਮੈਦਾਨਾਂ, ਗਲੀਆਂ, ਡਰੇਨੇਜ ਪ੍ਰਣਾਲੀ, ਸ਼ਮਸ਼ਾਨ ਘਾਟਾਂ ਦੀ ਚਾਰਦੀਵਾਰੀ, ਪਿੰਡਾਂ ਦੇ ਐਂਟਰੀ ਗੇਟ, ਡਿਸਪੈਂਸਰੀਆਂ ਦੀ ਮੁਰੰਮਤ, ਸਕੂਲਾਂ ਦੇ ਕਮਰਿਆਂ ਦਾ ਨਿਰਮਾਣ, ਸੌਲਰ ਲਾਈਟਾਂ ਲਾਉਣਾ ਅਤੇ ਗਰੀਬ ਲੋਕਾਂ ਦੇ ਕੱਚੇ ਮਕਾਨਾਂ ਨੂੰ ਪੱਕੇ ਮਕਾਨਾਂ ਵਿੱਚ ਤਬਦੀਲ ਕਰਨ ਵਰਗੇ ਕੰਮ ਸ਼ਾਮਲ ਹਨ।
ਮੋਹਿੰਦਰ ਭਗਤ ਨੇ ਕਿਹਾ ਕਿ ਇਹ ਕੰਮ ਮੁਕੰਮਲ ਹੋਣ ਉਪਰੰਤ ਹਰ ਹਲਕੇ ਲਈ ਹੋਰ 5 ਕਰੋੜ ਰੁਪਏ ਪ੍ਰਤੀ ਹਲਕਾ ਜਾਰੀ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਅਤੇ ਸ਼ਹਿਰੀ ਖੇਤਰਾਂ ਦੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ‘ਚ ਸੜਕਾਂ, ਨਹਿਰਾਂ, ਸਿੱਖਿਆ ਅਤੇ ਸਿਹਤ ਸੇਵਾਵਾਂ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਇਸ ਦੌਰਾਨ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ, ਜੋ ਕਿ ‘ਰੰਗਲਾ ਪੰਜਾਬ’ ਮਿਸ਼ਨ ਦਾ ਹੀ ਹਿੱਸਾ ਹੈ। ਐਸ.ਪੀ. (ਪੀ ਬੀ ਆਈ) ਦੀਪਿਕਾ ਸਿੰਘ ਅਤੇ ਐਸ.ਪੀ. (ਹੈੱਡਕੁਆਰਟਰ) ਮੋਹਿਤ ਅਗਰਵਾਲ ਨੇ ਦੱਸਿਆ ਕਿ ਲਗਭਗ 333 ਪਿੰਡਾਂ/ਵਾਰਡਾਂ ਵਿੱਚ ਡਿਫੈਂਸ ਕਮੇਟੀਆਂ ਸਰਗਰਮ ਤੌਰ ‘ਤੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਇਸ ਤੋਂ ਇਲਾਵਾ ਨਸ਼ੇ ਦੇ ਹਾਟਸਪੌਟਸ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਨਸ਼ਾ ਛੁਡਾਉ ਕੇਂਦਰਾਂ ਰਾਹੀਂ ਮਰੀਜ਼ਾਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ।
Read More: ਪੰਜਾਬ ਸਰਕਾਰ ਵੱਲੋਂ 129 DSP ਤੇ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ




