Amarjit Chawla Rape Case

ਅਮਰਜੀਤ ਚਾਵਲਾ ਬ.ਲਾ.ਤ.ਕਾ.ਰ ਮਾਮਲਾ: ਡਰਾਈਵਰ ਮੋਹਨ ਸਿੰਘ ਦੇ ਰੂਪਨਗਰ ਪੁਲਿਸ ਅੱਗੇ ਬਿਆਨ ਦਰਜ

ਚੰਡੀਗੜ੍ਹ/ਰੂਪਨਗਰ, 29 ਸਤੰਬਰ 2026: ਸਾਬਕਾ ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਖਿਲਾਫ਼ ਦਰਜ ਬਲਾਤਕਾਰ ਮਾਮਲੇ ਦੀ ਚੱਲ ਰਹੀ ਜਾਂਚ ‘ਚ ਕਾਨੂੰਨੀ ਨੋਟਿਸ ਮਿਲਣ ਤੋਂ ਬਾਅਦ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਾਇਨਾਤ ਡਰਾਈਵਰ ਸੋਮਵਾਰ ਨੂੰ ਜਾਂਚ ‘ਚ ਸ਼ਾਮਲ ਹੋਇਆ ਅਤੇ ਉਸ ਨੇ ਰੂਪਨਗਰ ਪੁਲਿਸ ਅੱਗੇ ਆਪਣਾ ਬਿਆਨ ਦਰਜ ਕਰਵਾਏ।

ਸ੍ਰੀ ਆਨੰਦਪੁਰ ਸਾਹਿਬ ਦੇ ਡੀਐਸਪੀ ਜਸ਼ਨਦੀਪ ਸਿੰਘ ਮਾਨ ਮੁਤਾਬਕ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐਨਐਸਐਸ) ਦੀ ਧਾਰਾ 35 ਤਹਿਤ ਡਰਾਈਵਰ ਮੋਹਨ ਸਿੰਘ ਵਾਸੀ ਮੁਹੱਲਾ ਕੁਹਾਲੀਵਾਲਾ, ਸ੍ਰੀ ਆਨੰਦਪੁਰ ਸਾਹਿਬ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਰਾਹੀਂ ਉਸਨੂੰ ਪੁਲਿਸ ਸਟੇਸ਼ਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਾਰਤੀ ਨਿਆ ਸੰਹਿਤਾ ਦੀਆਂ ਧਾਰਾਵਾਂ 64, 127(2) ਅਤੇ 351(2) ਤਹਿਤ ਦਰਜ ਕੀਤੀ ਦਰਜ ਐਫਆਈਆਰ ਨੰਬਰ 149 ਮਿਤੀ 21.08.2026 ਦੇ ਸਬੰਧ ‘ਚ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ।

ਮੋਹਨ ਸਿੰਘ ਨੇ ਨੋਟਿਸ ਦੀ ਪਾਲਣਾ ਕਰਦਿਆਂ ਪੁਲਿਸ ਚੌਕੀ ਸਿਟੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੇਸ਼ ਹੋਇਆ ਅਤੇ ਜਾਂਚ ਟੀਮ ਵੱਲੋਂ ਉਸ ਤੋਂ ਲਗਭਗ 6 ਘੰਟੇ ਤੱਕ ਵਿਸਥਾਰਪੂਰਵਕ ਪੁੱਛਗਿੱਛ ਕੀਤੀ ਗਈ। ਡੀਐਸਪੀ ਨੇ ਦੱਸਿਆ ਕਿ ਮੋਹਨ ਸਿੰਘ ਨੇ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਡਰਾਈਵਰ ਵਜੋਂ ਆਪਣੀ ਨੌਕਰੀ ਦੀ ਪੁਸ਼ਟੀ ਕੀਤੀ। ਡਰਾਈਵਰ ਨੇ ਦੱਸਿਆ ਕਿ ਸ਼ਿਕਾਇਤਕਰਤਾ/ਪੀੜਤ ਔਰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਸਥਿਤ ਵੱਖ-ਵੱਖ ਸਰਾਂਵਾਂ ‘ਚ ਲਗਭਗ ਅੱਠ ਮਹੀਨਿਆਂ ਤੱਕ ਰਹੀ ਸੀ। ਮੋਹਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਦੇ ਹਿੱਸੇ ਵਜੋਂ ਕਈ ਵਾਰ ਪੀੜਤ ਔਰਤ ਨੂੰ ਨੇੜਲੇ ਗੁਰਦੁਆਰਿਆਂ ਤੱਕ ਲੈ ਕੇ ਗਿਆ ਸੀ।

ਡਰਾਈਵਰ ਨੇ ਦੱਸਿਆ ਕਿ ਪੀੜਤ ਔਰਤ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਸਥਾਨਕ ਆਵਾਜਾਈ ਸਬੰਧੀ ਸਾਰੇ ਜ਼ਰੂਰੀ ਪ੍ਰਬੰਧ ਮੁਲਜ਼ਮ ਅਮਰਜੀਤ ਸਿੰਘ ਚਾਵਲਾ ਵੱਲੋਂ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਂਵਾਂ ‘ਚ ਕੀਤੇ ਗਏ ਸਨ ਅਤੇ ਚਾਵਲਾ ਉਸ ਨਾਲ ਲਗਾਤਾਰ ਸੰਪਰਕ ;ਚ ਰਹਿੰਦਾ ਸੀ। ਉਸਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਂਵਾਂ ਦੇ ਰੋਜ਼ਾਨਾ ਪ੍ਰਸ਼ਾਸਨਿਕ ਕੰਮਕਾਜ ਦੀ ਦੇਖ-ਰੇਖ ਕਰਨ ਵਾਲੇ ਐਸਜੀਪੀਸੀ ਦੇ ਕਰਮਚਾਰੀ ਇਨ੍ਹਾਂ ਪ੍ਰਬੰਧਾਂ ਅਤੇ ਅਮਰਜੀਤ ਸਿੰਘ ਚਾਵਲਾ ਤੇ ਪੀੜਤ ਔਰਤ ਵਿਚਕਾਰ ਚੱਲ ਰਹੇ ਸੰਪਰਕ ਬਾਰੇ ਪੂਰੀ ਤਰ੍ਹਾਂ ਜਾਣੂ ਸਨ।

ਡੀਐਸਪੀ ਜਸ਼ਨਦੀਪ ਸਿੰਘ ਮਾਨ ਨੇ ਕਿਹਾ ਕਿ ਸਾਰੇ ਤੱਥਾਂ ਅਤੇ ਬਿਆਨਾਂ ਦੀ ਵਿਆਪਕ ਪੱਧਰ ‘ਤੇ ਤਸਦੀਕ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

Read More: ਸੰਤ ਨਗਰ ਗੋ.ਲੀ.ਬਾ.ਰੀ ਮਾਮਲਾ: ਅਬੋਹਰ ‘ਚ ਪੁਲਿਸ ਮੁਕਾਬਲੇ ਦੌਰਾਨ ਮੁਲਜ਼ਮ ਗ੍ਰਿਫਤਾਰ

ਵਿਦੇਸ਼

Scroll to Top