3100 ਖੇਡ ਮੈਦਾਨ

ਖੇਡਾਂ ਰਾਹੀਂ ਨਸ਼ਾ-ਮੁਕਤ ਤੇ ਰੰਗਲੇ ਪੰਜਾਬ ਵੱਲ ਇੱਕ ਮਜ਼ਬੂਤ ਕਦਮ

ਖੇਡਾਂ ਰਾਹੀਂ ਨਸ਼ਾ-ਮੁਕਤ ਤੇ ਰੰਗਲੇ ਪੰਜਾਬ ਵੱਲ ਇੱਕ ਮਜ਼ਬੂਤ ਕਦਮ
ਪਿੰਡਾਂ ‘ਚ ਬਣਾਏ ਜਾ ਰਹੇ 3100 ਖੇਡ ਮੈਦਾਨ

ਪੰਜਾਬ ਲੰਬੇ ਸਮੇਂ ਤੋਂ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ|ਇਸ ਚੁਣੌਤੀ ਦਾ ਮੁਕਾਬਲਾ ਸਿਰਫ਼ ਕਾਨੂੰਨੀ ਕਾਰਵਾਈ ਨਾਲ ਨਹੀਂ, ਸਗੋਂ ਨੌਜਵਾਨਾਂ ਨੂੰ ਸਕਾਰਾਤਮਕ ਗਤੀਵਿਧੀਆਂ ਨਾਲ ਜੋੜ ਕੇ ਹੀ ਕੀਤਾ ਜਾ ਸਕਦਾ ਹੈ| ਇਸ ਪ੍ਰਸੰਗ ‘ਚ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਜਾ ਰਹੇ ਕਦਮ ਇੱਕ ਦੂਰਅੰਦੇਸ਼ੀ ਅਤੇ ਸ਼ਲਾਘਾਯੋਗ ਉਪਰਾਲੇ ਵਜੋਂ ਸਾਹਮਣੇ ਆ ਰਹੇ ਹਨ|

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡ ਪੱਧਰ ਤੱਕ ਖੇਡਾਂ ਦਾ ਢਾਂਚਾ ਮਜ਼ਬੂਤ ਕਰਨ ਲਈ 3,100 ਖੇਡ ਮੈਦਾਨ ਅਤੇ ਸਟੇਡੀਅਮ ਬਣਾਉਣ ਦੀ ਯੋਜਨਾ ਸਿਰਫ਼ ਇੱਕ ਵਿਕਾਸ ਪ੍ਰੋਜੈਕਟ ਨਹੀਂ, ਸਗੋਂ ਪੰਜਾਬ ਦੇ ਭਵਿੱਖ ‘ਚ ਕੀਤਾ ਜਾ ਰਿਹਾ ਨਿਵੇਸ਼ ਹੈ| ਹੁਣ ਤੱਕ 250 ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ, ਖੇਡ ਢਾਂਚੇ ਦੇ ਵਿਕਾਸ ਲਈ ₹1,793 ਕਰੋੜ ਅਤੇ ਖੇਡ ਮੈਦਾਨਾਂ ਦੀ ਉਸਾਰੀ ਲਈ ਲਗਭੱਗ ₹1,350 ਕਰੋੜ ਦੀ ਰਕਮ ਰੱਖਣਾ ਸਰਕਾਰ ਦੀ ਖੇਡਾਂ ਪ੍ਰਤੀ ਗੰਭੀਰਤਾ ਨੂੰ ਸਪੱਸ਼ਟ ਕਰਦਾ ਹੈ|

ਪੰਜਾਬ ਸਰਕਾਰ ਦਾ ਇਹ ਫੈਸਲਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਭ ਤੋਂ ਪ੍ਰਭਾਵਸ਼ਾਲੀ ਕਦਮਾਂ ‘ਚੋਂ ਇੱਕ ਹੈ| ਜਦੋਂ ਪਿੰਡਾਂ ‘ਚ ਹੀ ਵਧੀਆ ਖੇਡ ਮੈਦਾਨ, ਜਿੰਮ ਅਤੇ ਸਿਖਲਾਈ ਸਹੂਲਤਾਂ ਉਪਲਬੱਧ ਹੋਣਗੀਆਂ ਤਾਂ ਨੌਜਵਾਨਾਂ ਦੀ ਊਰਜਾ ਸਹੀ ਦਿਸ਼ਾ ਵੱਲ ਲੱਗੇਗੀ| ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਵਧਾਉਂਦੀਆਂ ਹਨ, ਸਗੋਂ ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ|

ਪੰਜਾਬ ਸਰਕਾਰ ਵੱਲੋਂ ਹਾਲ ਹੀ ‘ਚ ਮਈ ਮਹੀਨੇ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਜੇਤੂ 87 ਖਿਡਾਰੀਆਂ ਅਤੇ ਹੋਰ ਵੱਖ-ਵੱਖ ਖੇਡਾਂ ‘ਚ 1,070 ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ| ਸਰਕਾਰ ਨੇ ਓਲੰਪਿਕ ਅਤੇ ਏਸ਼ੀਆਈ ਖੇਡਾਂ ਦੇ ਮੈਡਲ ਜੇਤੂਆਂ ਨੂੰ 1-1 ਕਰੋੜ ਰੁਪਏ ਨਾਲ ਸਨਮਾਨਿਤ ਕੀਤਾ|ਇਸਦੇ ਨਾਲ ਹੀ 9 ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ|ਪਹਿਲੀ ਵਾਰ ਟੂਰਨਾਮੈਂਟ ਦੀ ਤਿਆਰੀ ਲਈ 220 ਖਿਡਾਰੀਆਂ ਨੂੰ 8.61 ਕਰੋੜ ਰੁਪਏ ਦੀ ਸਿੱਧੇ ਬੈਂਕ ਖਾਤਿਆਂ ਰਾਹੀਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ|

ਸਰਕਾਰ ਵੱਲੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ ਵਨਡੇ ਵਿਸ਼ਵ ਕੱਪ 2025-26 ਦੀ ਜਿੱਤ ਲਈ ਡੇਢ-ਡੇਢ ਕਰੋੜ ਰੁਪਏ ਨਾਲ ਸਨਮਾਨਿਤ ਕੀਤਾ ਗਿਆ|ਨਿਸ਼ਾਨੇਬਾਜ਼ੀ ‘ਚ ਵਿਸ਼ਵ ਚੈਂਪੀਅਨਸ਼ਿਪ ਦੇ ਮੈਡਲ ਜੇਤੂ ਅਮਨਪ੍ਰੀਤ ਸਿੰਘ ਨੂੰ 1.54 ਕਰੋੜ ਰੁਪਏ ਅਤੇ ਨੀਰਜ ਕੁਮਾਰ ਨੂੰ 1.52 ਕਰੋੜ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ|

ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਦੇਸ਼ ਨੂੰ ਹਾਕੀ, ਕਬੱਡੀ ਅਤੇ ਹੋਰ ਖੇਡਾਂ ਦੇ ਮਹਾਨ ਖਿਡਾਰੀ ਦਿੱਤੇ ਹਨ|ਇਸ ਸਾਲ ਦੇ ਅੰਤ ‘ਚ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਪੰਜਾਬ ਲਈ ਮਾਣ ਦੀ ਗੱਲ ਹੈ|ਅਜਿਹੇ ਅੰਤਰਰਾਸ਼ਟਰੀ ਟੂਰਨਾਮੈਂਟ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਦੇ ਨਾਲ-ਨਾਲ ਪੰਜਾਬ ਦੀ ਖੇਡ ਵਿਰਾਸਤ ਨੂੰ ਵੀ ਨਵੀਂ ਪਛਾਣ ਦੇਣਗੇ|

ਸਕੂਲਾਂ ਅਤੇ ਕਾਲਜਾਂ ‘ਚ ਖੇਡ ਮੁਕਾਬਲਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਰਵਾਇਤੀ ਖੇਡਾਂ ਜਿਵੇਂ ਕਬੱਡੀ, ਹਾਕੀ ਅਤੇ ਫੁੱਟਬਾਲ ਨੂੰ ਮੁੜ ਪ੍ਰਫੁੱਲਤ ਕਰਨਾ ਵੀ ਸਰਕਾਰ ਦੀ ਇੱਕ ਸਕਾਰਾਤਮਕ ਸੋਚ ਨੂੰ ਦਰਸਾਉਂਦਾ ਹੈ|ਇਹ ਕਦਮ ਨਾ ਸਿਰਫ਼ ਨਵੀਆਂ ਖੇਡ ਪ੍ਰਤਿਭਾਵਾਂ ਨੂੰ ਮੌਕੇ ਦੇਣਗੇ, ਸਗੋਂ ਸਮਾਜ ‘ਚ ਸਿਹਤਮੰਦ ਅਤੇ ਰਚਨਾਤਮਕ ਮਾਹੌਲ ਵੀ ਪੈਦਾ ਕਰਨਗੇ|

ਪੰਜਾਬ ਸਰਕਾਰ ਦੀ ਇਹ ਪਹਿਲ ਸਿਰਫ਼ ਖੇਡਾਂ ਨੂੰ ਪ੍ਰੋਤਸਾਹਨ ਦੇਣ ਤੱਕ ਸੀਮਿਤ ਨਹੀਂ ਹੈ, ਬਲਕਿ ਇੱਕ ਨਸ਼ਾਮੁਕਤ, ਤੰਦਰੁਸਤ ਅਤੇ ਖੁਸ਼ਹਾਲ ਪੰਜਾਬ ਦੀ ਨੀਂਹ ਰੱਖਣ ਦਾ ਯਤਨ ਹੈ|ਜੇਕਰ ਇਹ ਯੋਜਨਾਵਾਂ ਇਸੇ ਤਰ੍ਹਾਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੁੰਦੀਆਂ ਰਹੀਆਂ ਤਾਂ ਆਉਣ ਵਾਲੇ ਸਾਲਾਂ ‘ਚ ਪੰਜਾਬ ਦੇ ਨੌਜਵਾਨ ਖੇਡ ਮੈਦਾਨਾਂ ‘ਚ ਆਪਣੀ ਪਛਾਣ ਬਣਾਉਣਗੇ ਅਤੇ “ਰੰਗਲਾ ਪੰਜਾਬ” ਦਾ ਸੁਪਨਾ ਹਕੀਕਤ ‘ਚ ਬਦਲਦਾ ਨਜ਼ਰ ਆਵੇਗਾ|

Read More: ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਟੇਲਾਂ ਤੱਕ ਪਹੁੰਚਿਆ ਨਹਿਰੀ ਪਾਣੀ

ਵਿਦੇਸ਼

Scroll to Top