ਚੰਡੀਗੜ੍ਹ, 23 ਨਵੰਬਰ 2023: ਸੁਲਤਾਨਪੁਰ ਲੋਧੀ (Sultanpur Lodhi) ਸਥਿਤ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਨੇ ਅੱਜ ਸਵੇਰੇ ਹਿੰਸਕ ਰੂਪ ਧਾਰਨ ਕਰ ਲਿਆ ਸੀ। ਸਵੇਰੇ 5 ਵਜੇ ਤੋਂ ਪੁਲਿਸ ਅਤੇ ਨਿਹੰਗ ਸਿੰਘਾਂ ਵਿਚ ਚੱਲ ਰਹੀ ਗੋਲੀਬਾਰੀ ਹੁਣ ਬੰਦ ਹੋ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਕ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਨਿਹੰਗ ਸਿੰਘਾਂ ਨਾਲ ਬੰਦ ਕਮਰਾ ਬੈਠਕ ਕਰ ਰਹੇ ਹਨ। ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਫਿਲਹਾਲ ਸੁਲਤਾਨਪੁਰ ਲੋਧੀ ਵਿਚ ਸਥਿਤੀ ਕਾਬੂ ਹੇਠ ਹੈ |
ਦੱਸਿਆ ਜਾ ਰਿਹਾ ਹੈ ਕਿ ਨਿਹੰਗ ਸਿੰਘ ਗੱਲਬਾਤ ਰਾਹੀਂ ਮਸਲੇ ਦਾ ਹੱਲ ਚਾਹੁੰਦੇ ਹਨ।ਇਸ ਗੁਰਦੁਆਰੇ ਦੇ ਕਬਜ਼ੇ ਨੂੰ ਲੈ ਕੇ ਦੋ ਧੜਿਆਂ ਵਿੱਚ ਵਿਵਾਦ ਚੱਲ ਰਿਹਾ ਹੈ। ਅੱਜ ਤੜਕਸਾਰ ਨਿਹੰਗ ਸਿੰਘਾਂ ਦੇ ਇਕ ਜਥੇ ਬਾਬਾ ਬੁੱਢਾ ਦਲ ਮਾਨ ਸਿੰਘ ਗਰੁੱਪ ਦੇ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾਉਣ ਲਈ ਨਿਹੰਗ ਸਿੰਘਾਂ ਅਤੇ ਪੁਲਸ ਵਿਚਾਲੇ ਮੁੱਠਭੇੜ ਹੋ ਗਈ, ਜਿਸ ਕਾਰਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ਮੁੱਠਭੇੜ ਵਿਚ ਇਕ ਪੁਲਿਸ ਕਾਂਸਟੇਬਲ ਦੀ ਮੌਤ ਹੋ ਗਈ ਹੈ | ਮਾਰੇ ਗਏ ਪੁਲਿਸ ਮੁਲਾਜ਼ਮ ਦੀ ਪਛਾਣ ਜਸਪਾਲ ਸਿੰਘ ਵਾਸੀ ਪਿੰਡ ਮਨਿਆਲਾ ਥਾਣਾ ਸੁਲਤਾਨਪੁਰ ਲੋਧੀ (Sultanpur Lodhi) ਵਜੋਂ ਹੋਈ ਹੈ। ਇਸਦੇ ਨਾਲ ਹੀ ਡੀ.ਐੱਸ.ਪੀ ਸਣੇ 10 ਹੋਰ ਪੁਲਿਸ ਮੁਲਾਜ਼ਮ ਜ਼ਖ਼ਮੀ ਹਨ। ਖ਼ਬਰ ਹੈ ਕਿ ਪੁਲਿਸ ਨੇ 10 ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਸੀ।
ਕਪੂਰਥਲਾ ਦੇ ਐੱਸ. ਐੱਸ. ਪੀ. ਮੌਕੇ ’ਤੇ ਆਪ ਟੀਮ ਦੀ ਅਗਵਾਈ ਕਰ ਰਹੇ ਹਨ ਜਦਕਿ ਜਲੰਧਰ ਤੋਂ ਆਈ. ਜੀ. ਵੀ ਮੌਕੇ ਲਈ ਰਵਾਨਾ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ 30 ਦੇ ਕਰੀਬ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਹਨ। ਅਸਲ ਵਿਚ ਕੁਝ ਦਿਨ ਪਹਿਲਾਂ ਨਿਹੰਗ ਸਿੰਘਾਂ ਦੇ ਇਕ ਧੜੇ ਨੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰ ਲਿਆ ਸੀ ਅਤੇ ਪੁਲਿਸ ਇਸ ਕਬਜ਼ੇ ਨੂੰ ਛੁਡਵਾਉਣ ਵਾਸਤੇ ਗਈ ਸੀ।