ਚੰਡੀਗੜ੍ਹ 16 ਜੁਲਾਈ 2023: ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਸੰਗਰੂਰ, ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਐਸਬੀਐਸ ਨਗਰ, ਫਿਰੋਜ਼ਪੁਰ, ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਵਿੱਚ ਮੀਂਹ ਪੈ ਸਕਦਾ ਹੈ । ਹਾਲਾਂਕਿ ਇਸ ਦੇ ਆਮ ਰਹਿਣ ਦੀ ਉਮੀਦ ਹੈ।
ਦੂਜੇ ਪਾਸੇ ਪਿਛਲੇ ਦਿਨੀਂ ਘੱਗਰ ਵਿੱਚ ਪਾੜ ਪੈਣ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ ਹੈ। ਪਹਿਲਾ ਪਾੜ ਬੁਢਲਾਡਾ ਦੇ ਚਾਂਦਪੁਰਾ ਬੰਨ੍ਹ ਨੇੜੇ ਜਦੋਂਕਿ ਦੂਜਾ ਸਰਦੂਲਗੜ੍ਹ ਇਲਾਕੇ ਦੇ ਪਿੰਡ ਰੁੜਕੀ ਨੇੜੇ ਪਿਆ। ਜ਼ਿਲ੍ਹਾ ਪ੍ਰਸ਼ਾਸਨ ਫੌਜ ਅਤੇ ਐਨਡੀਆਰਐਫ ਦੇ ਸਹਿਯੋਗ ਨਾਲ ਘੱਗਰ ਵਿੱਚ ਪਏ ਪਾੜ ਨੂੰ ਭਰਨ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਬਨਾਰਸੀ ਪਿੰਡ ਦੀ ਟੀਮ ਨੇ ਘੱਗਰ ਦੇ ਖੱਬੇ ਕੰਢੇ ਆਰਡੀ 122 ‘ਤੇ ਪਾੜ ਨੂੰ ਭਰਿਆ ਗਿਆ ਹੈ ।
ਹੋਰ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਦੋਵੇਂ ਪਾੜ ਨੂੰ ਭਰਨ ਦੇ ਯਤਨ ਜਾਰੀ ਹਨ ਪਰ ਤੇਜ਼ ਵਹਾਅ ਕਾਰਨ ਵਾਰ-ਵਾਰ ਕੀਤੇ ਗਏ ਯਤਨ ਅਸਫਲ ਰਹੇ ਹਨ। ਅੱਜ ਨੇੜਲੇ 20 ਤੋਂ ਵੱਧ ਪਿੰਡ ਇਸ ਦੀ ਲਪੇਟ ਵਿੱਚ ਆ ਜਾਣਗੇ। ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਹੁਣ ਤੱਕ 29 ਜਣਿਆ ਦੀ ਮੌਤ ਹੋ ਚੁੱਕੀ ਹੈ। ਹੜ੍ਹ ਨਾਲ 25 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ।
ਸੰਗਰੂਰ ਦੇ ਮੂਨਕ ਦੇ ਕਰੀਬ 20 ਪਿੰਡਾਂ ਵਿੱਚ ਹਾਲੇ ਵੀ ਹੜ੍ਹਾਂ ਦਾ ਪਾਣੀ ਖੜ੍ਹਾ ਹੈ ਪਰ ਹੁਣ ਇਹ ਘਟਦਾ ਜਾ ਰਿਹਾ ਹੈ। ਅੱਜ ਪੱਧਰ ਹੋਰ ਹੇਠਾਂ ਜਾਣ ਸੰਭਾਵਨਾ ਹੈ । ਲੋਕਾਂ ਦੀ ਸਿਹਤ ਸੰਭਾਲ ਲਈ ਇੱਥੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪਸ਼ੂਆਂ ਦੀ ਦੇਖਭਾਲ ਲਈ ਵੈਟਰਨਰੀ ਡਾਕਟਰਾਂ ਦੀ ਟੀਮ ਵੀ ਤਿਆਰ ਹੈ।
ਇਸੇ ਤਰ੍ਹਾਂ ਪਟਿਆਲਾ ਵਿੱਚ ਵੀ ਹੜ੍ਹ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਘੱਗਰ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਪਰ ਸਥਿਤੀ ਅਜੇ ਵੀ ਕਾਬੂ ਹੇਠ ਹੈ। ਸਤਲੁਜ ਦਰਿਆ ਦੇ ਕੰਢੇ ‘ਧੁੱਸੀ ਬੰਨ੍ਹ’ ‘ਚ 350 ਫੁੱਟ ਚੌੜਾ ਪਾੜਾ ਭਰ ਦਿੱਤਾ ਗਿਆ ਹੈ।




