ਅੰਮ੍ਰਿਤਸਰ 24 ਜੂਨ 2023: ਅੰਮ੍ਰਿਤਸਰ ਖਾਈਆਂ ਵਾਲਾ ਬਜ਼ਾਰ ਵਿੱਚ ਕਾਰੋਬਾਰ ਕਰਨ ਲਈ ਇਕ ਜੋੜੇ ਵੱਲੋਂ ਇੱਕ ਹੋਟਲ ਲੀਜ ਤੇ ਲੈ ਕੇ ਚਲਾਇਆ ਜਾ ਰਿਹਾ ਹੈ, ਲੇਕਿਨ ਦੋਵਾਂ ਵਿੱਚ ਬਹਿਸ ਹੋਣ ਕਾਰਨ ਝਗੜਾ ਹੋ ਗਿਆ ਅਤੇ ਘਰਵਾਲੀ ਨੇ ਆਪਣੇ ਘਰਵਾਲੇ ‘ਤੇ ਹੋਟਲ ਦੇ ਵਿੱਚ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ |
ਇਸ ਸਬੰਧ ਦੇ ਵਿੱਚ ਪੂਜਾ ਅਰੋੜਾ ਨਾਮਕ ਬੀਬੀ ਵੱਲੋਂ ਦੱਸਿਆ ਗਿਆ ਕਿ ਉਸ ਨੇ ਆਪਣੇ ਘਰਵਾਲੇ ਦੇ ਨਾਲ ਭਾਈਵਾਲੀ ਕਰ ਕੇ ਹੋਟਲ ਦੇ ਵਿੱਚ ਹਿੱਸੇਦਾਰੀ ਪਾਈ ਸੀ, ਲੇਕਿਨ ਉਸਦੇ ਘਰਵਾਲੇ ਵੱਲੋਂ ਨਾ ਤਾਂ ਉਨ੍ਹਾਂ ਨੂੰ ਕੋਈ ਪੈਸਾ ਦਿੱਤਾ ਗਿਆ ਅਤੇ ਨਾ ਹੀ ਉਹ ਘਰ ਸਮੇਂ ਸਿਰ ਆਉਂਦੇ ਸੀ, ਜਿਸ ਨੂੰ ਲੈ ਕੇ ਅਕਸਰ ਹੀ ਉਹਨਾਂ ਵਿਚਾਲੇ ਝਗੜਾ ਹੁੰਦਾ ਰਹਿੰਦਾ ਸੀ ਅਤੇ ਅੱਜ ਜਦੋਂ ਉਹ ਮੌਕੇ ‘ਤੇ ਆਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਘਰਵਾਲਾ ਹੋਟਲ ਵਿੱਚ ਬੈਠ ਕੇ ਸ਼ਰਾਬ ਦਾ ਸੇਵਨ ਕਰਦਾ ਹੈ | ਉਨ੍ਹਾਂ ਕਿਹਾ ਹੋਟਲ ਦੀ ਭਾਈਵਾਲੀ ਲਈ ਤਿੰਨ ਲੱਖ ਰੁਪਏ ਦਿੱਤੇ ਸਨ, ਪਰ ਉਸਦੇ ਘਰਵਾਲੇ ਨੇ ਹੋਟਲ ਆਪਣੇ ਨਾਂ ਕਰਵਾ ਲਿਆ |
ਇਸ ਦੌਰਾਨ ਪਤੀ ਪਤਨੀ ਵਿੱਚ ਕਾਫੀ ਬਹਿਸ ਵੀ ਹੋਈ ਤੇ ਉਨ੍ਹਾਂ ਦੇ ਪੁੱਤਰ ਵੱਲੋਂ ਆਪਣੇ ਹੀ ਪਿਤਾ ਦੀ ਕੁੱਟਮਾਰ ਵੀ ਕੀਤੀ ਗਈ |ਪੂਜਾ ਅਰੋੜਾ ਨੇ ਦੂਜਾ ਵਿਆਹ ਕਰਵਾਇਆ ਹੋਇਆ ਹੈ ਤੇ ਉਸ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਹਨ ਉਨ੍ਹਾਂ ਵੱਲੋਂ ਆਪਣੇ ਮਤਰੇਏ ਪਿਉ ਦੇ ਨਾਲ ਕੁੱਟਮਾਰ ਕੀਤੀ ਗਈ ਹੈ |
ਦੂਜੇ ਪਾਸੇ ਇਸ ਮਾਮਲੇ ਵਿੱਚ ਪੂਜਾ ਅਰੋੜਾ ਦੇ ਘਰਵਾਲੇ ਨੇ ਦੱਸਿਆ ਕਿ ਉਸ ਨੇ 12 ਸਾਲ ਪਹਿਲਾਂ ਇਸ ਪੂਜਾ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਔਰਤ ਉਸ ਨੂੰ ਤੰਗ ਪਰੇਸ਼ਾਨ ਕਰਦੀ ਆ ਰਹੀ ਹੈ | ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਥੇ ਉਸਦੀ ਘਰਵਾਲੀ ਨੇ ਉਸਦੇ ਖਿਲਾਫ ਸ਼ਿਕਾਇਤ ਨਾ ਦਿੱਤੀ ਹੋਵੇ | ਉਨ੍ਹਾਂ ਕਿਹਾ ਕਿ ਹੋਟਲ ਦੀ ਭਾਈਵਾਲੀ ਲਈ ਉਸ ਦੀ ਪਤਨੀ ਵੱਲੋਂ ਪੈਸੇ ਜ਼ਰੂਰ ਦਿੱਤੇ ਗਏ ਹਨ ਲੇਕਿਨ ਉਹ ਪੈਸੇ ਬੈਂਕ ਦੇ ਜ਼ਰੀਏ ਹੀ ਉਸਨੂੰ ਵਾਪਸ ਵੀ ਕਰ ਰਿਹਾ ਹਾਂ |
ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਜਾ ਅਰੋੜਾ ਨਾਮਕ ਔਰਤ ਵੱਲੋਂ ਵੂਮੈਨ ਹੈਲਪਲਾਈਨ ਨੰਬਰ ‘ਤੇ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਕਿ ਉਸ ਦਾ ਘਰਵਾਲੇ ਦੇ ਨਾਲ ਝਗੜਾ ਹੋਇਆ ਹੈ | ਮੌਕੇ ‘ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਮਾਮਲਾ ਦਰਜ ਕੀਤਾ ਜਾਵੇਗਾ |