ਪਹਿਲਵਾਨਾਂ

ਪਹਿਲਵਾਨਾਂ ਵਲੋਂ ਨਿਗਰਾਨੀ ਕਮੇਟੀ ਦਾ ਵਿਰੋਧ, ਕਿਹਾ ਕਮੇਟੀ ਦੇ ਨਾਂ ਤੈਅ ਕਰਨ ਤੋਂ ਪਹਿਲਾਂ ਸਾਡੀ ਸਲਾਹ ਨਹੀਂ ਲਈ

ਚੰਡੀਗੜ੍ਹ, 24 ਜਨਵਰੀ 2023 : ਭਾਰਤੀ ਕੁਸ਼ਤੀ ਮਹਾਸੰਘ (WFI) ਅਤੇ ਇਸ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਪਹਿਲਵਾਨਾਂ (Wrestlers) ਦੀ ਹੜਤਾਲ ਤੋਂ ਬਾਅਦ ਖੇਡ ਮੰਤਰਾਲੇ ਨੇ ਇੱਕ ਨਿਗਰਾਨੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਕੁਸ਼ਤੀ ਫੈਡਰੇਸ਼ਨ ਦਾ ਕੰਮਕਾਜ ਦੇਖੇਗੀ। ਇਸ ਦੇ ਨਾਲ ਹੀ ਹੁਣ ਪਹਿਲਵਾਨ ਵੀ ਇਸ ਕਮੇਟੀ ਦਾ ਵਿਰੋਧ ਕਰ ਰਹੇ ਹਨ। ਪਹਿਲਵਾਨਾਂ ਦਾ ਕਹਿਣਾ ਹੈ ਕਿ ਕਮੇਟੀ ਬਣਾਉਣ ਸਬੰਧੀ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ। ਓਲੰਪੀਅਨ ਪਹਿਲਵਾਨ ਸਾਕਸ਼ੀ ਮਲਿਕ-ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਟਵੀਟ ਕਰਕੇ ਆਪਣਾ ਵਿਰੋਧ ਜਤਾਇਆ ਹੈ।

ਟਵੀਟ ‘ਚ ਇਨ੍ਹਾਂ ਪਹਿਲਵਾਨਾਂ (Wrestlers) ਨੇ ਲਿਖਿਆ ਕਿ ‘ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਨਿਗਰਾਨ ਕਮੇਟੀ ਦੇ ਗਠਨ ਤੋਂ ਪਹਿਲਾਂ ਸਾਡੇ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ, ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਕਮੇਟੀ ਦੇ ਗਠਨ ਤੋਂ ਪਹਿਲਾਂ ਸਾਡੇ ਨਾਲ ਸਲਾਹ ਵੀ ਨਹੀਂ ਕੀਤੀ ਗਈ।’ ਇਸ ਟਵੀਟ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਟੈਗ ਕੀਤਾ ਹੈ। ਇਸ ਦੇ ਨਾਲ ਹੀ ਖੇਡ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਵੱਲੋਂ ਨਿਗਰਾਨੀ ਕਮੇਟੀ ਵਿੱਚ 5 ਵਿੱਚੋਂ 3 ਨਾਵਾਂ ਦਾ ਸੁਝਾਅ ਦਿੱਤਾ ਗਿਆ ਸੀ, ਪਰ ਹੁਣ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨਾਲ ਸਲਾਹ ਨਹੀਂ ਕੀਤੀ ਗਈ।

ਜ਼ਿਕਰਯੋਗ ਹੈ ਕਿ ਵਿਸ਼ਵ ਚੈਂਪੀਅਨ ਮੁੱਕੇਬਾਜ਼ ਮੈਰੀਕਾਮ ਨਿਗਰਾਨੀ ਕਮੇਟੀ ਦੀ ਮੁਖੀ ਹੋਵੇਗੀ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇਸ ਕਮੇਟੀ ਦੇ ਗਠਨ ਤੋਂ ਬਾਅਦ ਕਿਹਾ ਸੀ ਕਿ ਭਾਰਤੀ ਕੁਸ਼ਤੀ ਮਹਾਸੰਘ (WFI) ਪ੍ਰਧਾਨ ਆਪਣੇ ਅਹੁਦੇ ‘ਤੇ ਕੰਮ ਨਹੀਂ ਕਰੇਗਾ। ਅਸੀਂ ਵਿਸ਼ਵ ਚੈਂਪੀਅਨ ਮੈਰੀਕਾਮ ਦੀ ਪ੍ਰਧਾਨਗੀ ਹੇਠ ਇੱਕ ਨਿਗਰਾਨੀ ਕਮੇਟੀ ਬਣਾ ਰਹੇ ਹਾਂ। ਓਲੰਪਿਕ ਤਮਗਾ ਜੇਤੂ ਯੋਗੇਸ਼ਵਰ ਦੱਤ, ਦਰੋਣਾਚਾਰੀਆ ਪੁਰਸਕਾਰ ਜੇਤੂ ਤ੍ਰਿਪਤੀ ਮੁਰਗੁੰਡੇ, ਟਾਪਸ ਸੀਈਓ ਰਾਜਗੋਪਾਲਨ, ਰਾਧਾ ਸ਼੍ਰੀਮਾਨ ਇਸ ਦੇ ਮੈਂਬਰ ਹੋਣਗੇ।

Scroll to Top