ਚੰਡੀਗੜ੍ਹ,25 ਨਵੰਬਰ 2026: ਪੰਜਾਬੀ ਗਾਇਕੀ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਪ੍ਰਸਿੱਧ ਗਾਇਕਾ ਸਤਵਿੰਦਰ ਕੌਰ ਬਿੱਟੀ ਅੱਜ ਕਿਸੇ ਜਾਣ-ਪਛਾਣ ਦੀ ਮੋਹਤਾਜ਼ ਨਹੀਂ ਹੈ। ਆਪਣੀ ਸੁਰੀਲੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੀ ਬਿੱਟੀ ਦਾ ਸਫ਼ਰ ਸਿਰਫ਼ ਸੰਗੀਤ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਉਹ ਖੇਡਾਂ ਅਤੇ ਸਿਆਸਤ ਵਿੱਚ ਵੀ ਆਪਣੀ ਪਛਾਣ ਬਣਾ ਚੁੱਕੀ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਅਹਿਮ ਪਹਿਲੂਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।
ਹਾਕੀ ਖਿਡਾਰਨ ਵਜੋਂ ਕੀਤੀ ਕਰੀਅਰ ਦੀ ਸ਼ੁਰੂਆਤ
ਸਤਵਿੰਦਰ ਬਿੱਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਕ ਸੀ। ਉਨ੍ਹਾਂ ਨੇ ਪੰਜਵੀਂ-ਛੇਵੀਂ ਜਮਾਤ ਵਿੱਚ ਹੀ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਖੇਡਾਂ ਦੇ ਨਾਲ-ਨਾਲ ਉਹ ਪੜ੍ਹਾਈ ਵਿੱਚ ਵੀ ਕਾਫ਼ੀ ਹੁਸ਼ਿਆਰ ਸਨ ਅਤੇ ਉਨ੍ਹਾਂ ਨੇ ਬੀ.ਐੱਸ.ਸੀ. (ਨਾਨ-ਮੈਡੀਕਲ) ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਦੇਖਦਿਆਂ ਏਅਰ ਇੰਡੀਆ ਦੀ ਬੰਬਈ ਹਾਕੀ ਟੀਮ ਵਿੱਚ ਵੀ ਉਨ੍ਹਾਂ ਦੀ ਚੋਣ ਹੋਈ। ਇਸ ਟੀਮ ਨੇ ਲਖਨਊ ਵਿੱਚ ਹੋਏ ਨੈਸ਼ਨਲ ਹਾਕੀ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ।
ਗੁਰੂ ਘਰ ਤੋਂ ਸ਼ੁਰੂ ਹੋਇਆ ਗਾਇਕੀ ਦਾ ਸਫ਼ਰ
ਗਾਇਕੀ ਵਿੱਚ ਆਉਣ ਬਾਰੇ ਗੱਲ ਕਰਦਿਆਂ ਸਤਵਿੰਦਰ ਬਿੱਟੀ ਨੇ ਦੱਸਿਆ ਕਿ ਉਨ੍ਹਾਂ ਦੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਗੁਰੂ ਘਰ ਤੋਂ ਹੋਈ ਸੀ। ਉਹ ਆਪਣੇ ਪਿਤਾ ਨਾਲ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸੰਗਤ ਵਿੱਚ ਕਵਿਤਾਵਾਂ ਅਤੇ ਸ਼ਬਦ ਗਾਇਆ ਕਰਦੇ ਸਨ। ਉਨ੍ਹਾਂ ਨੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਗਾਇਕੀ ਦੇ ਖੇਤਰ ਵਿੱਚ ਕਦਮ ਰੱਖਿਆ। ਉਨ੍ਹਾਂ ਦੀ ਧਾਰਮਿਕ ਐਲਬਮ ‘ਧੰਨ ਤੇਰੀ ਸਿੱਖੀ’ ਨੂੰ ਲੋਕਾਂ ਵੱਲੋਂ ਭਰਵਾਂ ਪਿਆਰ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਕਈ ਯਾਦਗਾਰੀ ਅਤੇ ਸੁਪਰਹਿੱਟ ਗੀਤ ਵੀ ਗਾਏ।
ਵਿਦੇਸ਼ਾਂ ਵਿੱਚ ਵੀ ਗੂੰਜੀ ਸਤਵਿੰਦਰ ਬਿੱਟੀ ਦੀ ਆਵਾਜ਼
ਸਾਲ 1993 ਤੋਂ ਹੀ ਸਤਵਿੰਦਰ ਬਿੱਟੀ ਨੇ ਅਮਰੀਕਾ, ਕੈਨੇਡਾ, ਇਟਲੀ, ਜਰਮਨੀ ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿੱਚ ਆਪਣੀ ਗਾਇਕੀ ਦਾ ਜਲਵਾ ਦਿਖਾਇਆ। ਉਨ੍ਹਾਂ ਨੇ ਵਿਦੇਸ਼ਾਂ ਵਿੱਚ ਹੋਣ ਵਾਲੇ ਵਿਸਾਖੀ ਮੇਲਿਆਂ ਅਤੇ ਵੱਡੇ ਸੰਗੀਤਕ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਪੰਜਾਬੀ ਸੰਗੀਤ ਨੂੰ ਦੁਨੀਆ ਭਰ ਵਿੱਚ ਪਹੁੰਚਾਇਆ।
ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਇੱਕ ਦਰਦਨਾਕ ਹਾਦਸੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ‘ਧੰਨ ਤੇਰੀ ਸਿੱਖੀ’ ਐਲਬਮ ਦੀ ਵੀਡੀਓ ਸ਼ੂਟਿੰਗ ਖ਼ਤਮ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਗੱਡੀ ਦਾ ਭਿਆਨਕ ਐਕਸੀਡੈਂਟ ਹੋ ਗਿਆ ਸੀ। ਇਸ ਹਾਦਸੇ ਵਿੱਚ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਲੰਬੇ ਸਮੇਂ ਤੱਕ ਪੀ.ਜੀ.ਆਈ. ਚੰਡੀਗੜ੍ਹ ਵਿੱਚ ਇਲਾਜ ਚੱਲਿਆ। ਉਨ੍ਹਾਂ ਮੁਤਾਬਕ ਉਸ ਮੁਸ਼ਕਲ ਸਮੇਂ ਵਿੱਚ ਪੰਜਾਬ ਸਮੇਤ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ। ਉਹ ਇਸ ਨੂੰ ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤ ਦੀਆਂ ਦੁਆਵਾਂ ਦਾ ਨਤੀਜਾ ਮੰਨਦੇ ਹਨ।
2017 ਵਿੱਚ ਰੱਖਿਆ ਸਿਆਸਤ ਵੱਲ ਕਦਮ
ਗਾਇਕੀ ਤੋਂ ਬਾਅਦ ਸਤਵਿੰਦਰ ਬਿੱਟੀ ਨੇ ਸਿਆਸਤ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ। ਉਨ੍ਹਾਂ ਦੱਸਿਆ ਕਿ ਸਾਲ 2017 ਵਿੱਚ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਦੀ ਟਿਕਟ ਮਿਲੀ ਅਤੇ ਉਨ੍ਹਾਂ ਨੇ ਚੋਣ ਲੜੀ। ਹਾਲਾਂਕਿ ਉਹ ਕਰੀਬ 4,500 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਹਲਕੇ ਦੇ ਲੋਕਾਂ ਨਾਲ ਆਪਣਾ ਸੰਪਰਕ ਬਣਾਈ ਰੱਖਿਆ ਅਤੇ ਪੰਜ ਸਾਲ ਲੋਕਾਂ ਵਿੱਚ ਰਹਿ ਕੇ ਕੰਮ ਕੀਤਾ।
ਮੁੜ ਸਾਹਨੇਵਾਲ ਤੋਂ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ
ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਇਸ ਦੌਰਾਨ ਸਤਵਿੰਦਰ ਕੌਰ ਬਿੱਟੀ ਵੱਲੋਂ ਮੁੜ ਸਾਹਨੇਵਾਲ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਪੰਜ ਸਾਲ ਦੇ ਵਕਫ਼ੇ ਤੋਂ ਬਾਅਦ ਇਸ ਹਲਕੇ ਤੋਂ ਨਾਮਜ਼ਦਗੀ ਵੀ ਦਾਖ਼ਲ ਕੀਤੀ ਹੈ। ਇਸ ਤਰ੍ਹਾਂ ਸਤਵਿੰਦਰ ਬਿੱਟੀ ਦਾ ਸਫ਼ਰ ਹਾਕੀ ਦੇ ਮੈਦਾਨ ਤੋਂ ਸ਼ੁਰੂ ਹੋ ਕੇ ਗਾਇਕੀ ਅਤੇ ਫਿਰ ਸਿਆਸਤ ਤੱਕ ਪਹੁੰਚਿਆ ਹੈ। ਹੁਣ ਦੇਖਣਾ ਹੋਵੇਗਾ ਕਿ ਸਾਹਨੇਵਾਲ ਦੀ ਸਿਆਸੀ ਪਾਰੀ ਵਿੱਚ ਉਨ੍ਹਾਂ ਨੂੰ ਲੋਕਾਂ ਦਾ ਕਿੰਨਾ ਸਮਰਥਨ ਮਿਲਦਾ ਹੈ।
READ MORE : ਜਲੰਧਰ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ, ਗੁਰਦੁਆਰੇ ਮੱਥਾ ਟੇਕਣ ਜਾ ਰਹੇ ਪ੍ਰਾਪਰਟੀ ਡੀਲਰ ਕ.ਤ.ਲ




