ਪੰਜਾਬੀ ਮੁੱਕੇਬਾਜ਼ ਪ੍ਰਭਜੋਤ ਸਿੰਘ ਮਾਨ ਦੀ ਮੌਤ

ਅਮਰੀਕਾ ’ਚ ਪੰਜਾਬੀ ਮੁੱਕੇਬਾਜ਼ ਪ੍ਰਭਜੋਤ ਸਿੰਘ ਮਾਨ ਦੀ ਮੌਤ, ਮੁਏ ਥਾਈ ਮੁਕਾਬਲੇ ਦੌਰਾਨ ਲੱਗੀ ਸੀ ਗੰਭੀਰ ਸੱਟ

25 ਨਵੰਬਰ 2026: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਤੋਂ ਪੰਜਾਬੀ ਭਾਈਚਾਰੇ ਲਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਫਰਿਜ਼ਨੋ ਦੇ ਰਹਿਣ ਵਾਲੇ ਪੰਜਾਬੀ ਮੁੱਕੇਬਾਜ਼ ਪ੍ਰਭਜੋਤ ਸਿੰਘ ਮਾਨ ਦੀ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ ਹੈ। ਉਹ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਕਰਵਾਏ ਗਏ ਇੱਕ ਅੰਤਰਰਾਸ਼ਟਰੀ ਮੁਏ ਥਾਈ ਟੂਰਨਾਮੈਂਟ ਵਿੱਚ ਹਿੱਸਾ ਲੈਣ ਗਏ ਸਨ।

ਜਾਣਕਾਰੀ ਅਨੁਸਾਰ, 7 ਨਵੰਬਰ ਨੂੰ ਮੁਕਾਬਲੇ ਦੌਰਾਨ ਪ੍ਰਭਜੋਤ ਸਿੰਘ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਸੀ। ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਹੈਲੀਕਾਪਟਰ ਰਾਹੀਂ ਨੇੜਲੇ ਯੂਨੀਵਰਸਿਟੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਨੂੰ ਆਈ.ਸੀ.ਯੂ. ਵਿੱਚ ਰੱਖਿਆ ਗਿਆ ਸੀ। ਪਰਿਵਾਰ ਅਤੇ ਦੋਸਤ ਲਗਾਤਾਰ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਸਨ, ਪਰ ਉਹ ਜ਼ਿੰਦਗੀ ਦੀ ਜੰਗ ਨਹੀਂ ਜਿੱਤ ਸਕੇ।

ਖੇਡਾਂ ਦੇ ਨਾਲ ਸਮਾਜ ਸੇਵਾ ਵਿੱਚ ਵੀ ਸਨ ਸਰਗਰਮ

ਪ੍ਰਭਜੋਤ ਸਿੰਘ ਮਾਨ ਸਿਰਫ਼ ਇੱਕ ਖਿਡਾਰੀ ਹੀ ਨਹੀਂ ਸਨ, ਸਗੋਂ ਅਮਰੀਕਾ ਵਿੱਚ ਰਹਿੰਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਨਾਲ ਵੀ ਡੂੰਘਾ ਜੁੜਾਅ ਰੱਖਦੇ ਸਨ। ਉਹ ਨੌਜਵਾਨਾਂ ਦੀ ਮਦਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਹੀ ਰਾਹ ਦਿਖਾਉਂਦੇ ਸਨ। ਇਸ ਤੋਂ ਇਲਾਵਾ ਉਹ ਨੌਜਵਾਨਾਂ ਨੂੰ ਰਵਾਇਤੀ ਭੰਗੜੇ ਦੀ ਸਿਖਲਾਈ ਵੀ ਦਿੰਦੇ ਰਹੇ। ਉਹ ਫਰਿਜ਼ਨੋ ਦੇ ਥ੍ਰੀ ਕਿੰਗਜ਼ ਮੁਏ ਥਾਈ ਜਿਮ ਵਿੱਚ ਅਭਿਆਸ ਕਰਦੇ ਸਨ। ਉਨ੍ਹਾਂ ਦਾ ਐਮੇਚਿਓਰ ਮੁਕਾਬਲਿਆਂ ਵਿੱਚ ਰਿਕਾਰਡ 6 ਜਿੱਤਾਂ ਅਤੇ 1 ਹਾਰ ਦਾ ਸੀ।

ਇਲਾਜ ਲਈ ਇਕੱਠੇ ਕੀਤੇ ਗਏ 4.40 ਲੱਖ ਡਾਲਰ

ਪ੍ਰਭਜੋਤ ਸਿੰਘ ਦੇ ਇਲਾਜ ਅਤੇ ਹੋਰ ਖਰਚਿਆਂ ਲਈ ਉਨ੍ਹਾਂ ਦੇ ਭਰਾ ਸੁਖਜੋਤ ਸਿੰਘ ਮਾਨ ਵੱਲੋਂ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਨੂੰ ਪੰਜਾਬੀ ਭਾਈਚਾਰੇ ਅਤੇ ਹੋਰ ਲੋਕਾਂ ਵੱਲੋਂ ਭਰਵਾਂ ਸਮਰਥਨ ਮਿਲਿਆ। ਰਿਪੋਰਟਾਂ ਮੁਤਾਬਕ, 4 ਲੱਖ ਡਾਲਰ ਦੇ ਟੀਚੇ ਦੇ ਮੁਕਾਬਲੇ ਲਗਭਗ 4.40 ਲੱਖ ਡਾਲਰ ਇਕੱਠੇ ਹੋਏ। ਪ੍ਰਭਜੋਤ ਸਿੰਘ ਮਾਨ ਦੇ ਦਿਹਾਂਤ ਦੀ ਖ਼ਬਰ ਨਾਲ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਇੱਕ ਹੋਣਹਾਰ ਖਿਡਾਰੀ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲੀ ਸ਼ਖ਼ਸੀਅਤ ਦੇ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣ ਨਾਲ ਹਰ ਕੋਈ ਦੁਖੀ ਹੈ।

READ MORE : ਪੰਜਾਬ ’ਚ ਅਗਲੇ ਤਿੰਨ ਦਿਨ ਸੰਘਣੀ ਧੁੰਦ ਦਾ ਅਲਰਟ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਵਿਦੇਸ਼

Scroll to Top