ਵਿਕਸਿਤ ਭਾਰਤ

ਨਸ਼ਾ ਮੁਕਤ ਨੌਜਵਾਨ ਹੀ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ: ਡਾ. ਅਰਵਿੰਦ ਸ਼ਰਮਾ

ਹਰਿਆਣਾ, 19 ਨਵੰਬਰ 2026: ਹਰਿਆਣਾ ਦੇ ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਵਿਭਾਗ ਵੱਲੋਂ ਦੀਨਬੰਧੂ ਛੋਟੂ ਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਮੁਰਥਲ ‘ਚ ਜ਼ਿਲ੍ਹਾ ਯੁਵਾ ਮਹੋਤਸਵ ਕਰਵਾਇਆ ਗਿਆ। ਹਰਿਆਣਾ ਦੇ ਸਹਿਕਾਰਤਾ, ਜੇਲ੍ਹ, ਚੋਣਾਂ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਦੀਪ ਜਗਾ ਕੇ ਮਹੋਤਸਵ ਦਾ ਉਦਘਾਟਨ ਕੀਤਾ।

ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਵਿਕਸਿਤ ਭਾਰਤ ਦੇ ਨਿਰਮਾਣ ‘ਚ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਅਤੇ ਹੋਰ ਰਚਨਾਤਮਕ ਗਤੀਵਿਧੀਆਂ ‘ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।

ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ‘ਚ ਹਰ ਤਰ੍ਹਾਂ ਦੇ ਮਹੋਤਸਵਾਂ ਅਤੇ ਗਤੀਵਿਧੀਆਂ ‘ਚ ਹਿੱਸਾ ਲਿਆ ਹੈ। ਨੌਜਵਾਨਾਂ ਨੂੰ ਵੀ ਯੂਨੀਵਰਸਿਟੀ, ਕਾਲਜ ਅਤੇ ਜਮਾਤ ਪੱਧਰ ‘ਤੇ ਕਰਵਾਈ ਜਾਣ ਵਾਲੀ ਹਰ ਸਕਾਰਾਤਮਕ ਗਤੀਵਿਧੀ ‘ਚ ਹਿੱਸਾ ਲੈਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੀ ਪ੍ਰਤਿਭਾ ਨਿਖਰਦੀ ਹੈ, ਸਗੋਂ ਆਤਮ-ਵਿਸ਼ਵਾਸ, ਅਗਵਾਈ ਦੀ ਸਮਰੱਥਾ ਅਤੇ ਸ਼ਖ਼ਸੀਅਤ ਦਾ ਵੀ ਵਿਕਾਸ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਕੁੱਲ ਆਬਾਦੀ ‘ਚ 15 ਤੋਂ 29 ਸਾਲ ਉਮਰ ਵਰਗ ਦੇ ਨੌਜਵਾਨਾਂ ਦੀ ਹਿੱਸੇਦਾਰੀ ਲਗਭੱਗ 27.5 ਫ਼ੀਸਦੀ ਹੈ, ਜਦਕਿ 15 ਤੋਂ 35 ਸਾਲ ਉਮਰ ਵਰਗ ਦੀ ਆਬਾਦੀ ਲਗਭੱਗ 65 ਫ਼ੀਸਦੀ ਹੈ। ਇਹ ਅੰਕੜਾ ਦਰਸਾਉਂਦਾ ਹੈ ਕਿ ਰਾਸ਼ਟਰ ਨਿਰਮਾਣ ‘ਚ ਨੌਜਵਾਨਾਂ ਦੀ ਕਿੰਨੀ ਵੱਡੀ ਜ਼ਿੰਮੇਵਾਰੀ ਹੈ।

ਉਨ੍ਹਾਂ ਕਿਹਾ ਕਿ ਅਧਿਕਾਰਾਂ ਦੇ ਨਾਲ-ਨਾਲ ਨਾਗਰਿਕ ਫ਼ਰਜ਼ਾਂ ਦੀ ਪਾਲਣਾ ਕਰਨਾ ਵੀ ਹਰੇਕ ਨੌਜਵਾਨ ਦਾ ਫ਼ਰਜ਼ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸੰਕਲਪ ਵਿਕਸਿਤ ਭਾਰਤ ਦੇ ਨਾਲ-ਨਾਲ ਵਿਕਸਿਤ ਹਰਿਆਣਾ ਦਾ ਨਿਰਮਾਣ ਕਰਨਾ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ‘ਚ ਨੌਜਵਾਨਾਂ ਦੀ ਊਰਜਾ, ਮਿਹਨਤ ਅਤੇ ਸਕਾਰਾਤਮਕ ਸੋਚ ਨਿਰਣਾਇਕ ਭੂਮਿਕਾ ਨਿਭਾਏਗੀ।

ਇਸ ਸਾਲ ਯੁਵਾ ਮਹੋਤਸਵ ਦਾ ਵਿਸ਼ਾ ‘ਨਸ਼ਾ ਮੁਕਤ ਨੌਜਵਾਨ, ਵਿਕਸਿਤ ਭਾਰਤ’ ਰੱਖਿਆ ਗਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਕੋਈ ਵਿਅਕਤੀ ਨਸ਼ੇ ਦੀ ਲਤ ਦਾ ਸ਼ਿਕਾਰ ਹੈ ਤਾਂ ਉਸ ਨੂੰ ਸਮਝਾ ਕੇ ਮੁੱਖ ਧਾਰਾ ‘ਚ ਲਿਆਉਣ ‘ਚ ਸਹਿਯੋਗ ਕਰਨ ਦਾ ਸੱਦਾ ਦਿੱਤਾ।

ਮੰਤਰੀ ਨੇ ਕਿਹਾ ਕਿ ਹਰਿਆਣਾ ਵੀਰਾਂ, ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਅਤੇ ਖਿਡਾਰੀਆਂ ਦੀ ਧਰਤੀ ਹੈ। ਸੂਬੇ ਦੇ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਓਲੰਪਿਕ, ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਪੈਰਾ ਖੇਡਾਂ ਸਮੇਤ ਵੱਖ-ਵੱਖ ਮੁਕਾਬਲਿਆਂ ‘ਚ ਹਰਿਆਣਾ ਦੇ ਖਿਡਾਰੀਆਂ ਨੇ ਦੇਸ਼ ਅਤੇ ਸੂਬੇ ਦਾ ਮਾਣ ਵਧਾਇਆ ਹੈ।

ਡਾ. ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਹੋਣ ਵਾਲੇ ਯੁਵਾ ਮਹੋਤਸਵ ਦੇ ਜੇਤੂਆਂ ਨੂੰ ਸੂਬਾ ਪੱਧਰ ‘ਤੇ ਅਤੇ ਸੂਬਾ ਪੱਧਰ ਦੇ ਜੇਤੂਆਂ ਨੂੰ ਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸੋਨੀਪਤ ਦੇ ਨੌਜਵਾਨ ਆਪਣੀ ਮਿਹਨਤ ਅਤੇ ਪ੍ਰਤਿਭਾ ਦੇ ਦਮ ‘ਤੇ ਸੂਬਾ ਅਤੇ ਰਾਸ਼ਟਰੀ ਪੱਧਰ ‘ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ।

Read More: ਨਾਬਾਲਗ ਲੜਕੀ ਨਾਲ ਵਿਆਹ ਕਰਨ ਵਾਲੇ ਪੁਰਸ਼ ਨੂੰ ਹੋ ਸਕਦੀ ਹੈ ਦੋ ਸਾਲ ਕੈਦ ਜਾਂ 1 ਲੱਖ ਰੁਪਏ ਤੱਕ ਦਾ ਜੁਰਮਾਨਾ

ਵਿਦੇਸ਼

Scroll to Top