Haryana news

ਹਰਿਆਣਾ ਸਰਕਾਰ ਵੱਲੋਂ ਕੁਰੂਕਸ਼ੇਤਰ, ਸਿਰਸਾ, ਅੰਬਾਲਾ ਤੇ ਫਰੀਦਾਬਾਦ ਦੇ ਹਾਦਸਾ ਪੀੜਤ ਪਰਿਵਾਰਾਂ ਲਈ ਵਿੱਤੀ ਸਹਾਇਤਾ ਦਾ ਐਲਾਨ

ਹਰਿਆਣਾ, 29 ਸਤੰਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਹਾਲ ਹੀ ‘ਚ ਵਾਪਰੇ ਹਾਦਸਿਆਂ ‘ਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਪ੍ਰਭਾਵਿਤ ਪਰਿਵਾਰਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੁੱਖ ਦੀ ਇਸ ਘੜੀ ‘ਚ ਹਰਿਆਣਾ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਵੱਖ-ਵੱਖ ਹਾਦਸਿਆਂ ‘ਚ ਜਾਨ ਗੁਆਉਣ ਵਾਲੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਇਸ ਤਹਿਤ ਕੁਰੂਕਸ਼ੇਤਰ ‘ਚ 24 ਸਤੰਬਰ ਨੂੰ ਵਾਪਰੇ ਹਾਦਸੇ ‘ਚ ਜਾਨ ਗੁਆਉਣ ਵਾਲੇ 6 ਵਿਅਕਤੀਆਂ ਅਤੇ ਸਿਰਸਾ ‘ਚ 24 ਸਤੰਬਰ ਨੂੰ ਵਾਪਰੇ ਹਾਦਸੇ ‘ਚ ਜਾਨ ਗੁਆਉਣ ਵਾਲੇ 3 ਵਿਅਕਤੀਆਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।

ਇਸੇ ਤਰ੍ਹਾਂ, ਅੰਬਾਲਾ ‘ਚ 27 ਸਤੰਬਰ ਨੂੰ ਵਾਪਰੇ ਹਾਦਸੇ ‘ਚ ਜਾਨ ਗੁਆਉਣ ਵਾਲੇ 6 ਵਿਅਕਤੀਆਂ ਦੇ ਪਰਿਵਾਰਾਂ ਨੂੰ ਵੀ ਪ੍ਰਤੀ ਮ੍ਰਿਤਕ 5 ਲੱਖ ਰੁਪਏ ਦੀ ਦਰ ਨਾਲ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਫਰੀਦਾਬਾਦ ‘ਚ 27 ਸਤੰਬਰ ਨੂੰ ਵਾਪਰੇ ਹਾਦਸੇ ‘ਚ ਜਾਨ ਗੁਆਉਣ ਵਾਲੀ ਬੱਚੀ ਦੇ ਪਰਿਵਾਰ ਨੂੰ ਵੀ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ।

ਨਾਇਬ ਸਿੰਘ ਸੈਣੀ ਨੇ ਦੁੱਖ ‘ਚ ਡੁੱਬੇ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਪਿਆਰਿਆਂ ਨੂੰ ਗੁਆਉਣ ਦਾ ਦੁੱਖ ਬੇਹੱਦ ਪੀੜਾਦਾਇਕ ਹੁੰਦਾ ਹੈ ਅਤੇ ਇਸ ਔਖੀ ਘੜੀ ‘ਚ ਸਰਕਾਰ ਪੂਰੀ ਸੰਵੇਦਨਸ਼ੀਲਤਾ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।

ਵਿਦੇਸ਼

Scroll to Top