ਦਿੱਲੀ, 22 ਸਤੰਬਰ 2026: ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਪੁਲਿਸ ਅਤੇ ਜੀਐਸਟੀ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ‘ਚ ਉਨ੍ਹਾਂ ਦੇ ਰਾਸ਼ਟਰੀ ਦਫਤਰ ਦੇ ਪਤੇ ‘ਤੇ 58 ਅਣਜਾਣ ਕੰਪਨੀਆਂ ਦੀ ਰਜਿਸਟ੍ਰੇਸ਼ਨ ਦਾ ਦਾਅਵਾ ਕੀਤਾ ਗਿਆ ਹੈ। ਆਪ’ ਪਾਰਟੀ ਦਾ ਦੋਸ਼ ਹੈ ਕਿ ਇਹ ਕੰਪਨੀਆਂ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਰਾਸ਼ਟਰੀ ਦਫਤਰ ਦੇ ਪਤੇ ਦੀ ਵਰਤੋਂ ਕਰਕੇ ਰਜਿਸਟ੍ਰੇਸ਼ਨ ਕੀਤੀਆਂ ਗਈਆਂ ਸਨ। ‘ਆਪ’ ਨੇ ਇਸਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਬਦਨਾਮ ਕਰਨ ਦੀ ਕਥਿਤ ਸਾਜ਼ਿਸ਼ ਦੱਸਿਆ ਹੈ।
ਸੌਰਭ ਭਾਰਦਵਾਜ ਦਾ ਬਿਆਨ
‘ਆਪ’ ਦੀ ਦਿੱਲੀ ਇਕਾਈ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਜੁਲਾਈ ਤੋਂ ਸਤੰਬਰ ਦੇ ਵਿਚਕਾਰ ਪਾਰਟੀ ਦੇ ਰਾਸ਼ਟਰੀ ਦਫਤਰ ਦੇ ਪਤੇ 1, ਕੈਨਿੰਗ ਲੇਨ, ਨਵੀਂ ਦਿੱਲੀ ‘ਤੇ 58 ਕਾਰੋਬਾਰਾਂ ਨੂੰ ਜੀਐਸਟੀ ਲਈ ਰਜਿਸਟਰ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਰਜਿਸਟ੍ਰੇਸ਼ਨਾਂ ਲਈ ਆਧਾਰ ਵੈਰੀਫਿਕੇਸ਼ਨ ਵੀ ਕੀਤੀ ਗਈ ਸੀ।
ਭਾਰਦਵਾਜ ਨੇ ਕਿਹਾ ਕਿ ਪਾਰਟੀ ਨੇ ਇਸ ਮਾਮਲੇ ਬਾਰੇ ਪ੍ਰਿੰਸੀਪਲ ਚੀਫ ਕਮਿਸ਼ਨਰ, ਜੀਐਸਟੀ, ਦਿੱਲੀ ਕਮਿਸ਼ਨਰ, ਵਪਾਰ ਅਤੇ ਟੈਕਸ ਵਿਭਾਗ ਅਤੇ ਨਵੀਂ ਦਿੱਲੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ।
ਸੌਰਭ ਭਾਰਦਵਾਜ ਨੇ ਭਾਜਪਾ ‘ਤੇ ਲਗਾਏ ਦੋਸ਼
ਸੌਰਭ ਭਾਰਦਵਾਜ ਨੇ ਦੋਸ਼ ਲਗਾਇਆ ਕਿ ਇਸ ਸਾਜ਼ਿਸ਼ ਪਿੱਛੇ ਭਾਜਪਾ ਦਾ ਹੱਥ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਫਰਵਰੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਜਿਹੀ ਜਾਣਕਾਰੀ ਦਾ ਖੁਲਾਸਾ ਕਰਕੇ, ਇਸ ਨੂੰ ਪ੍ਰਚਾਰ ਕਰਨ ਲਈ ਵਰਤਿਆ ਜਾ ਸਕਦਾ ਹੈ ਕਿ ‘ਆਪ’ ਕਈ ਸ਼ੈੱਲ ਕੰਪਨੀਆਂ ਚਲਾਉਂਦੀ ਹੈ ਅਤੇ ਉਨ੍ਹਾਂ ਰਾਹੀਂ ਦਾਨ ਪ੍ਰਾਪਤ ਕਰਦੀ ਹੈ।
‘ਆਪ’ ਨੇ ਪੁੱਛੇ ਸਵਾਲ
ਉਨ੍ਹਾਂ ਸਵਾਲ ਕੀਤਾ ਕਿ ‘ਆਪ’ ਦੇ ਰਾਸ਼ਟਰੀ ਦਫ਼ਤਰ ਦੇ ਪਤੇ ‘ਤੇ 58 ਕੰਪਨੀਆਂ ਕਿਵੇਂ ਰਜਿਸਟਰ ਕੀਤੀਆਂ ਗਈਆਂ। ਭਾਰਦਵਾਜ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਇਨ੍ਹਾਂ ਕੰਪਨੀਆਂ ਲਈ ਜੀਐਸਟੀ ਰਜਿਸਟ੍ਰੇਸ਼ਨ ਅਤੇ ਆਧਾਰ ਤਸਦੀਕ ਪ੍ਰਕਿਰਿਆ ‘ਚ ਕਿਹੜੇ ਲੋਕਾਂ ਅਤੇ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਸੀ।
‘ਆਪ’ ਆਗੂ ਨੇ ਕਿਹਾ ਕਿ ਪਾਰਟੀ ਨੇ ਇਸ ਮਾਮਲੇ ‘ਚ ਸਬੰਧਤ ਵਿਭਾਗਾਂ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਕੰਪਨੀਆਂ ਨੂੰ ਕਿਸਨੇ ਰਜਿਸਟਰ ਕੀਤਾ, ਰਜਿਸਟ੍ਰੇਸ਼ਨ ਲਈ ਦਫ਼ਤਰ ਦਾ ਪਤਾ ਕਿਵੇਂ ਵਰਤਿਆ ਗਿਆ, ਅਤੇ ਤਸਦੀਕ ਪ੍ਰਕਿਰਿਆ ਦੌਰਾਨ ਕਿਹੜੇ ਦਸਤਾਵੇਜ਼ ਜਮ੍ਹਾਂ ਕਰਵਾਏ ਗਏ, ਇਸ ਦੀ ਜਾਂਚ ਕੀਤੀ ਜਾਵੇ। ਹਾਲਾਂਕਿ, ਇਨ੍ਹਾਂ ਕੰਪਨੀਆਂ ਦੇ “ਸ਼ੈੱਲ ਕੰਪਨੀਆਂ” ਹੋਣ ਅਤੇ ਇਨ੍ਹਾਂ ਦੀ ਰਜਿਸਟ੍ਰੇਸ਼ਨ ਪਿੱਛੇ ਕੌਣ ਸੀ, ਇਸ ਦੀ ਸੁਤੰਤਰ ਪੁਸ਼ਟੀ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ।
Read More: ਏਸ਼ੀਆਈ ਖੇਡਾਂ ‘ਚ ਭਾਰਤੀ ਮਹਿਲਾ ਟੀਮ ਵੱਲੋਂ ਸੋਨ ਤਗਮਾ ਜਿੱਤਣ ‘ਤੇ PM ਮੋਦੀ ਨੇ ਦਿੱਤੀ ਵਧਾਈ




