ਚੰਡੀਗੜ੍ਹ, 07 ਸਤੰਬਰ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ‘ਚ ਸਰਗਰਮੀ ਨਾਲ ਭਾਗ ਲੈਣ ਦੀ ਅਪੀਲ ਕੀਤੀ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ‘ਚ ਸੂਬੇ ਦੀ ਸ਼ਾਨ ਨੂੰ ਬਹਾਲ ਕਰਨ ਦੇ ਉਦੇਸ਼ ਨਾਲ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾ ਰਹੀ ਹੈ।
ਸੰਧਵਾਂ ਨੇ ਕਿਹਾ, “ਇਸ ਪਹਿਲਕਦਮੀ ਰਾਹੀਂ ਪੰਜਾਬ ਦੇ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੋਣਗੇ, ਜਿਸ ਨਾਲ ਉਹਨਾਂ ਦੀ ਖੇਡਾਂ ‘ਚ ਭਾਗੀਦਾਰੀ ਹੋਰ ਵਧੇਗੀ। ਇਹ ਉਪਰਾਲਾ ਹਰ ਪਿੰਡ, ਕਸਬੇ ਅਤੇ ਸ਼ਹਿਰ ‘ਚੋਂ ਛੁਪੀ ਹੋਈ ਖੇਡ ਪ੍ਰਤਿਭਾ ਦੀ ਪਛਾਣ ਕਰਨ, ਉਭਾਰਨ ਅਤੇ ਨਿਖਾਰਨ ਲਈ ਇੱਕ ਉੱਤਮ ਮੰਚ ਵਜੋਂ ਕੰਮ ਕਰਦਾ ਹੈ, ਜਿਸ ਨਾਲ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਚ ਅੱਗੇ ਵਧਣ ਅਤੇ ਉੱਤਮਤਾ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਮਿਲਦਾ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ਖੇਡਾਂ ਵਿਅਕਤੀ ਨੂੰ ਸਰੀਰਕ ਤੌਰ ‘ਤੇ ਸਰਗਰਮ ਅਤੇ ਮਾਨਸਿਕ ਤੌਰ ‘ਤੇ ਸੁਚੇਤ ਰੱਖਣ ‘ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਨਾਲ ਜੂਝਦੇ ਰਹਿਣ,ਲਚਕੀਲਾਪਣ ਅਤੇ ਤਰੱਕੀ ਲਈ ਪ੍ਰੇਰਣਾ ਮਿਲਦੀ ਹੈ। ਖੇਡਾਂ ਸਾਨੂੰ ਸਿਖਾਉਂਦੀਆਂ ਹਨ ਕਿ ਜੀਵਨ ਦੀਆਂ ਚੁਣੌਤੀਆਂ ਨੂੰ ਕਿਵੇਂ ਪਾਰ ਕਰਨਾ ਹੈ। ਉਹ ਦਰਸਾਉਂਦੀਆਂ ਹਨ ਕਿ ਸਫਲਤਾ ਸਿਰਫ ਨਿਰੰਤਰ ਸਖ਼ਤ ਮਿਹਨਤ ਅਤੇ ਅਣਥੱਕ ਯਤਨਾਂ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ। ਇਹੀ ਸਮਰਪਣ ਹੀ ਹੈ, ਜੋ ਅੰਤ ‘ਚ ਸਾਡੇ ਨੌਜਵਾਨਾਂ ਨੂੰ ਵਿਸ਼ਵ ਪੱਧਰ ‘ਤੇ ਮੁਕਾਬਲਾ ਕਰਨ ਅਤੇ ਦੇਸ਼ ਲਈ ਤਗਮੇ ਜਿੱਤਣ ਦੇ ਯੋਗ ਬਣਾਉਂਦਾ ਹੈI”
ਕੁਲਤਾਰ ਸਿੰਘ ਸੰਧਵਾਂ ਨੇ ਐਥਲੈਟਿਕ ਉੱਤਮਤਾ ਪ੍ਰਤੀ ਸੂਬੇ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਅਤੇ ਖਿਡਾਰੀਆਂ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਹੈ। ਇਨ੍ਹਾਂ ਨਿਰੰਤਰ ਯਤਨਾਂ ਸਦਕਾ ਇੱਕ ਸਕਾਰਾਤਮਕ ਤਬਦੀਲੀ ਦਿਖਾਈ ਦੇ ਰਹੀ ਹੈ, ਜਿਸ ‘ਚ ਪੰਜਾਬ ਦੇ ਨੌਜਵਾਨ ਖੇਡਾਂ ‘ਚ ਨਵੀਂ ਅਤੇ ਡੂੰਘੀ ਦਿਲਚਸਪੀ ਦਿਖਾ ਰਹੇ ਹਨ।
ਸਪੀਕਰ ਕੁਲਤਾਰ ਸਿੰਘ ਨੇ ਕਿਹਾ,”ਜੇਕਰ ਅਸੀਂ ਆਪਣੇ ਸੂਬੇ ਨੂੰ ਜੀਵੰਤ, ‘ਰੰਗਲਾ ਪੰਜਾਬ’ ਬਨਾਉਣਾ ਚਾਹੁੰਦੇ ਹਾਂ ਤਾਂ ਸਾਡੇ ਨੌਜਵਾਨਾਂ ਨੂੰ ਖੇਡਾਂ ਨੂੰ ਅਪਣਾਉਣ ਦੀ ਲੋਡ਼ ਹੈ ਤਦ ਹੀ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕਰਕੇ ਦੇਸ਼ ਲਈ ਨਾਮਣਾ ਖੱਟਣਾ ਸੰਭਵ ਹੋ ਸਕਦਾ ਹੈ”
Read More: ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ‘ਚ 1 ਸਾਲ ‘ਚ ਦਾਖ਼ਲੇ 164% ਵਾਧਾ ਦਰਜ




