ਫਤਿਹਾਬਾਦ, 7 ਅਗਸਤ : ਹਰਿਆਣਾ ਦੇ ਫਤਿਹਾਬਾਦ ਅਧੀਨ ਪੈਂਦੇ ਪਿੰਡ ਮੇਹੂਵਾਲਾ ਵਿਚ ਇੱਕ ਆਂਗਣਵਾੜੀ ਵਰਕਰ ਨੇ ਪਤੀ ਦੇ ਰੋਜ਼ਾਨਾ ਦੇ ਕਲੇਸ਼ ਤੋਂ ਦੁਖੀ ਹੋ ਕੇ ਆਪਣੇ ਦੋ ਮਾਸੂਮ ਬੱਚਿਆਂ ਸਮੇਤ ਘਰ ਦੀ ਪਾਣੀ ਵਾਲੀ ਟੈਂਕੀ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ, ਮ੍ਰਿਤਕਾਂ ਦੀ ਪਛਾਣ 31 ਸਾਲਾ ਸੁਦੇਸ਼, ਉਸ ਦੇ 8 ਸਾਲਾ ਪੁੱਤਰ ਵਿਨੀਤ ਅਤੇ 10 ਸਾਲਾ ਧੀ ਜੋਤੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸੁਦੇਸ਼ ਦਾ ਪਤੀ ਸੰਦੀਪ ਕੁਮਾਰ ਨਸ਼ੇ ਦਾ ਆਦੀ ਸੀ, ਜਿਸ ਕਾਰਨ ਪਤੀ-ਪਤਨੀ ਵਿਚ ਝਗੜਾ ਹੁੰਦਾ ਰਹਿੰਦਾ ਸੀ। ਕਈ ਦਿਨ ਤੋਂ ਦੋਵਾਂ ਵਿਚਕਾਰ ਤਲਖ਼ ਕਲੇਸ਼ ਹੋਇਆ ਸੀ, ਇਸ ਮਾਨਸਿਕ ਪਰੇਸ਼ਾਨੀ ਅਤੇ ਕਲੇਸ਼ ਤੋਂ ਦੁਖੀ ਹੋ ਕੇ ਸੁਦੇਸ਼ ਨੇ ਘਰ ਦੇ ਵਰਾਂਡੇ ਵਿੱਚ ਬਣੀ 10 ਫੁੱਟ ਡੂੰਘੀ ਪਾਣੀ ਦੀ ਟੈਂਕੀ ਵਿੱਚ ਆਪਣੇ ਦੋਵਾਂ ਬੱਚਿਆਂ ਸਮੇਤ ਛਾਲ ਮਾਰ ਦਿੱਤੀ।
ਘਟਨਾ ਸਮੇਂ ਸੰਦੀਪ ਘਰੋਂ ਬਾਹਰ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਨੂੰ ਪਾਣੀ ਪਹੁੰਚਾਉਣ ਗਿਆ ਹੋਇਆ ਸੀ। ਜਦੋਂ ਗੁਆਂਢੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਤਿੰਨਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਤਿੰਨਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ।
ਸੂਚਨਾ ਮਿਲਦਿਆਂ ਹੀ ਭੱਟੂ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਮ੍ਰਿਤਕ ਔਰਤ ਦੇ ਭਰਾ ਪ੍ਰਵੀਨ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਪਤੀ ਸੰਦੀਪ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਸੰਦੀਪ ਆਪਣੀ ਪਤਨੀ ਨੂੰ ਅਕਸਰ ਤੰਗ-ਪਰੇਸ਼ਾਨ ਕਰਦਾ ਸੀ।
ਜ਼ਿਕਰਯੋਗ ਹੈ ਕਿ ਸੰਦੀਪ ਅਤੇ ਸੁਦੇਸ਼ ਨੇ 12 ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ। ਥਾਣਾ ਮੁਖੀ ਵੀਰ ਸਿੰਘ ਨੇ ਦੁਹਰਾਇਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।
Read More : ਉੱਤਰਾਖੰਡ ਵਿਚ ਭਾਰੀ ਮੀਂਹ : ਮਲਬਾ ਡਿੱਗਣ ਕਾਰਨ ਚਾਰਧਾਮ ਯਾਤਰਾ ਦੇ ਰਸਤੇ ਪ੍ਰਭਾਵਿਤ




