ਸਪੋਰਟਸ, 28 ਜੁਲਾਈ 2026: IND ਬਨਾਮ SL Test: ਬੀਸੀਸੀਆਈ ਨੇ ਸ਼੍ਰੀਲੰਕਾ ਖਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਲਰਾਉਂਡਰ ਰਵਿੰਦਰ ਜਡੇਜਾ ਫਿਟਨੈਸ ਤੋਂ ਠੀਕ ਹੋਣ ਤੋਂ ਬਾਅਦ ਟੀਮ ‘ਚ ਵਾਪਸੀ ਹੋਈ ਹੈ।ਮੱਧ ਪ੍ਰਦੇਸ਼ ਦੇ 33 ਸਾਲਾ ਆਫ-ਸਪਿਨ ਆਲਰਾਉਂਡਰ ਸਰਾਂਸ਼ ਜੈਨ ਨੂੰ ਘਰੇਲੂ ਕ੍ਰਿਕਟ ‘ਚ ਅਤੇ ਹਾਲ ਹੀ ‘ਚ ਭਾਰਤ ਏ ਦੌਰੇ ‘ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਆਧਾਰ ‘ਤੇ ਪਹਿਲੀ ਵਾਰ ਰਾਸ਼ਟਰੀ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਸਾਈ ਸੁਦਰਸ਼ਨ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ, ਪਰ ਉਨ੍ਹਾਂ ਦੀ ਚੋਣ ਉਨ੍ਹਾਂ ਦੀ ਫਿਟਨੈਸ ‘ਤੇ ਨਿਰਭਰ ਕਰੇਗੀ।
ਜਦੋਂ ਕਿ ਨਿਤੀਸ਼ ਕੁਮਾਰ ਰੈਡੀ ਕਵਾਡ੍ਰਿਸੈਪਸ ਸੱਟ ਤੋਂ ਠੀਕ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਹਾਲਾਂਕਿ, ਵਾਸ਼ਿੰਗਟਨ ਸੁੰਦਰ ਨੂੰ ਹੈਮਸਟ੍ਰਿੰਗ ਸੱਟ ਕਾਰਨ ਪਹਿਲੇ ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਦੋ ਮੈਚਾਂ ਦੀ ਟੈਸਟ ਸੀਰੀਜ਼ 15 ਅਗਸਤ ਤੋਂ ਗਾਲੇ ‘ਚ ਸ਼ੁਰੂ ਹੋ ਰਹੀ ਹੈ।
ਆਲਰਾਉਂਡਰ ਸਰਾਂਸ਼ ਜੈਨ ਦਾ ਰਿਕਾਰਡ
ਮੱਧ ਪ੍ਰਦੇਸ਼ ਦੇ ਸਪਿਨ ਆਲਰਾਉਂਡਰ ਸਰਾਂਸ਼ ਜੈਨ ਨੂੰ ਪਹਿਲੀ ਵਾਰ ਭਾਰਤੀ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਹਾਲ ਹੀ ‘ਚ ਸ਼੍ਰੀਲੰਕਾ ਦੌਰੇ ‘ਤੇ ਇੰਡੀਆ ਏ ਲਈ ਦੂਜੇ ਵਨਡੇ ਮੈਚ ‘ਚ ਨਾਬਾਦ 70 ਦੌੜਾਂ ਬਣਾਈਆਂ। ਉਨ੍ਹਾਂ ਨੇ ਮੈਚ ‘ਚ ਛੇ ਵਿਕਟਾਂ ਲੈ ਕੇ ਚੋਣਕਾਰਾਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ। 33 ਸਾਲਾ ਖਿਡਾਰੀ ਨੇ ਹੁਣ ਤੱਕ 54 ਪਹਿਲੀ ਸ਼੍ਰੇਣੀ ਮੈਚਾਂ ‘ਚ 31.75 ਦੀ ਔਸਤ ਨਾਲ 2,223 ਦੌੜਾਂ ਬਣਾਈਆਂ ਹਨ। ਉਸਨੇ 27.30 ਦੀ ਔਸਤ ਨਾਲ 188 ਵਿਕਟਾਂ ਲਈਆਂ ਹਨ।
ਸ਼੍ਰੀਲੰਕਾ ਦੌਰੇ ਲਈ 15 ਮੈਂਬਰੀ ਭਾਰਤੀ ਟੈਸਟ ਟੀਮ
ਸ਼ੁਭਮਨ ਗਿੱਲ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਰਿਸ਼ਭ ਪੰਤ (ਵਿਕਟਕੀਪਰ), ਸਾਈ ਸੁਦਰਸ਼ਨ, ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਾਨਵ ਸੁਥਾਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਗੁਰਨੂਰ ਬਰਾੜ, ਦੇਵਦੱਤ ਪਡਿੱਕਲ, ਅਤੇ ਸਰਾਂਸ਼ ਜੈਨ।
Read More: IND ਬਨਾਮ ZIM: ਭਾਰਤ ਨੇ ਤੀਜੇ ਟੀ-20 ਮੈਚ ‘ਚ ਜ਼ਿੰਬਾਬਵੇ ਨੂੰ 35 ਦੌੜਾਂ ਨਾਲ ਹਰਾਇਆ




