ਮੋਗਾ 6 ਜੁਲਾਈ 2026: 5178 ਅਧਿਆਪਕ ਭਰਤੀ ਤੋਂ ਵਾਂਝੇ ਰਹੇ ਉਮੀਦਵਾਰਾਂ ਨੇ ਮੋਗਾ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਮਾਵਾਂ ਧੀਆਂ ਸਤਿਕਾਰ ਯੋਜਨਾ” ਤਹਿਤ ਦਿੱਤੀ ਜਾਣ ਵਾਲੀ ₹1000 ਅਤੇ ₹1500 ਦੀ ਰਾਸ਼ੀ ਨੂੰ ਅਸਵੀਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਅਸਲ ਸਤਿਕਾਰ ਉਨ੍ਹਾਂ ਦਾ ਬਣਦਾ ਨਿਯੁਕਤੀ ਪੱਤਰ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਇੰਦਰਪਾਲ ਨੇ ਕਿਹਾ ਕਿ ਉਹ ਮੀਡੀਆ ਦਾ ਧੰਨਵਾਦ ਕਰਦੇ ਹਨ, ਜਿਸ ਨੇ ਉਨ੍ਹਾਂ ਦੀ ਆਵਾਜ਼ ਸਰਕਾਰ ਅਤੇ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ 5178 ਅਧਿਆਪਕ ਭਰਤੀ ਵਿੱਚ ਵੱਧ ਮੈਰਿਟ ਹੋਣ ਦੇ ਬਾਵਜੂਦ ਵੀ ਸੈਂਕੜੇ ਯੋਗ ਉਮੀਦਵਾਰ ਨਿਯੁਕਤੀ ਤੋਂ ਵਾਂਝੇ ਰਹਿ ਗਏ, ਜਿਸ ਲਈ ਸਰਕਾਰ ਦੀਆਂ ਗਲਤੀਆਂ ਜ਼ਿੰਮੇਵਾਰ ਹਨ।
ਉਨ੍ਹਾਂ ਦੱਸਿਆ ਕਿ 2011 ਦੇ PSTET ਪੇਪਰ ਅਤੇ ਉਸ ਦੇ ਨਤੀਜੇ ਵਿੱਚ ਗੰਭੀਰ ਗਲਤੀਆਂ ਹੋਈਆਂ ਸਨ। ਭਾਵੇਂ 2017 ਵਿੱਚ PSTET ਦਾ ਨਤੀਜਾ ਸੁਧਾਰ ਦਿੱਤਾ ਗਿਆ, ਪਰ ਗਲਤ ਨਤੀਜੇ ਦੇ ਆਧਾਰ ‘ਤੇ ਹੋਈ 5178 ਅਧਿਆਪਕ ਭਰਤੀ ਨੂੰ ਅੱਜ ਤੱਕ ਠੀਕ ਨਹੀਂ ਕੀਤਾ ਗਿਆ। ਇਸ ਕਾਰਨ ਲਗਭਗ 300 ਵੱਧ ਮੈਰਿਟ ਵਾਲੇ ਉਮੀਦਵਾਰ ਭਰਤੀ ਤੋਂ ਬਾਹਰ ਰਹਿ ਗਏ।
ਇੰਦਰਪਾਲ ਨੇ ਕਿਹਾ ਕਿ ਆਪਣੇ ਹੱਕ ਲਈ ਉਹ ਲੰਬੇ ਸਮੇਂ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਧਿਰ ਵਿੱਚ ਰਹਿੰਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਰਕਾਰ ਬਣਨ ‘ਤੇ ਤੁਰੰਤ ਨਿਯੁਕਤੀ ਪੱਤਰ ਦੇਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਦਾ ਕਾਰਜਕਾਲ ਅੰਤਿਮ ਪੜਾਅ ਵਿੱਚ ਹੋਣ ਦੇ ਬਾਵਜੂਦ ਅੱਜ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਇਸ ਲੰਬੇ ਸੰਘਰਸ਼ ਕਾਰਨ ਕਈ ਧੀਆਂ ਦੇ ਵਿਆਹ ਪ੍ਰਭਾਵਿਤ ਹੋਏ ਹਨ ਅਤੇ ਕਈ ਪਰਿਵਾਰ ਮਾਨਸਿਕ ਅਤੇ ਆਰਥਿਕ ਤੌਰ ‘ਤੇ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਇੱਕ ਪਾਸੇ ₹1500 ਨੂੰ ਸਤਿਕਾਰ ਦੱਸਦੀ ਹੈ, ਜਦਕਿ ਦੂਜੇ ਪਾਸੇ ਪੜ੍ਹੀਆਂ-ਲਿਖੀਆਂ ਧੀਆਂ ਨੂੰ ਉਨ੍ਹਾਂ ਦਾ ਹੱਕ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦਾ ਵਟਸਐੱਪ ਅਕਾਊਂਟ 24 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਉਹ ਆਪਣੀ ਗੱਲ ਮੀਡੀਆ ਤੱਕ ਪਹੁੰਚਾਉਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਦੇ ਰਹੇ।
ਉਮੀਦਵਾਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਨਾ ਕੀਤੇ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਅਤੇ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਅੱਜ ਜੋ ਬੇਇਨਸਾਫ਼ੀ ਉਨ੍ਹਾਂ ਨਾਲ ਹੋਈ ਹੈ, ਉਹ ਕੱਲ੍ਹ ਕਿਸੇ ਹੋਰ ਦੀਆਂ ਧੀਆਂ ਨਾਲ ਵੀ ਹੋ ਸਕਦੀ ਹੈ।ਇਸ ਮੌਕੇ ਅਮਰਜੀਤ ਕੌਰ, ਜਤਿੰਦਰ ਕੌਰ (ਅੰਮ੍ਰਿਤਸਰ), ਗੁਰਸਰਨ (ਮੋਗਾ), ਮਨਜੋਤ ਅਤੇ ਰੰਜੂ (ਫ਼ਰੀਦਕੋਟ), ਰਾਜਵੀਰ ਕੌਰ, ਇੰਦਰਪਾਲ ਅਤੇ ਨੀਲਮ (ਜਲੰਧਰ), ਮਨਪ੍ਰੀਤ ਸਿੰਘ ਅਤੇ ਰਜਿੰਦਰ ਕੌਰ (ਲੁਧਿਆਣਾ), ਪੁਸ਼ਪਿੰਦਰ ਸਿੰਘ ਅਤੇ ਅਲਪਿੰਦਰ ਕੌਰ (ਫ਼ਤਹਿਗੜ੍ਹ ਸਾਹਿਬ), ਵੰਦਨਾ ਅਤੇ ਪ੍ਰੀਤਪਾਲ ਕੌਰ (ਸੰਗਰੂਰ) ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਉਮੀਦਵਾਰ ਹਾਜ਼ਰ ਸਨ।




