ਮੋਗਾ, 30 ਜੂਨ 2026: AUS W ਬਨਾਮ WI W Semi-Final: ਮਹਿਲਾ ਟੀ-20 ਵਿਸ਼ਵ ਕੱਪ 2026 ਦਾ ਪਹਿਲਾ ਸੈਮੀਫਾਈਨਲ ਅੱਜ ਲੰਡਨ ਦੇ ਓਵਲ ਵਿਖੇ ਆਸਟ੍ਰੇਲੀਆ ਅਤੇ ਵੈਸਟਇੰਡੀਜ਼ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 7:00 ਵਜੇ ਸ਼ੁਰੂ ਹੋਵੇਗਾ।
ਆਸਟ੍ਰੇਲੀਆ ਨੇ ਛੇ ਵਾਰ ਖਿਤਾਬ ਜਿੱਤਿਆ ਹੈ, ਜਦੋਂ ਕਿ ਵੈਸਟਇੰਡੀਜ਼ ਨੇ 2016 ਦੇ ਫਾਈਨਲ ‘ਚ ਆਸਟ੍ਰੇਲੀਆ ਨੂੰ ਹਰਾ ਕੇ ਆਪਣਾ ਇੱਕੋ-ਇੱਕ ਖਿਤਾਬ ਜਿੱਤਿਆ ਸੀ। ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ ਸੈਮੀਫਾਈਨਲ (2012, 2014 ਅਤੇ 2018) ‘ਚ ਤਿੰਨ ਵਾਰ ਇੱਕ-ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ, ਅਤੇ ਆਸਟ੍ਰੇਲੀਆ ਹਰ ਵਾਰ ਜੇਤੂ ਰਿਹਾ ਹੈ।
ਆਸਟ੍ਰੇਲੀਆਈ ਟੀਮ ਹੁਣ ਤੱਕ ਇਸ ਟੂਰਨਾਮੈਂਟ ‘ਚ ਸਾਰੇ ਮੈਚਾਂ ‘ਚ ਜੇਤੂ ਰਹੀ ਹੈ। ਉਨ੍ਹਾਂ ਨੇ ਦੱਖਣੀ ਅਫਰੀਕਾ ਨੂੰ 65 ਦੌੜਾਂ ਨਾਲ, ਬੰਗਲਾਦੇਸ਼ ਨੂੰ 9 ਵਿਕਟਾਂ ਨਾਲ, ਨੀਦਰਲੈਂਡ ਨੂੰ 98 ਦੌੜਾਂ ਨਾਲ ਅਤੇ ਪਾਕਿਸਤਾਨ ਨੂੰ 113 ਦੌੜਾਂ ਨਾਲ ਹਰਾਇਆ। ਫਿਰ ਉਨ੍ਹਾਂ ਨੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰਨ ਲਈ ਆਖਰੀ ਗਰੁੱਪ ਪੜਾਅ ਮੈਚ ‘ਚ ਭਾਰਤ ਨੂੰ ਹਰਾ ਦਿੱਤਾ।
ਗਰੁੱਪ ਪੜਾਅ ‘ਚ ਵੈਸਟਇੰਡੀਜ਼ ਦਾ ਸਫ਼ਰ ਆਸਾਨ ਨਹੀਂ ਸੀ। ਉਨ੍ਹਾਂ ਨੇ ਨਿਊਜ਼ੀਲੈਂਡ ਵਿਰੁੱਧ ਕਰੀਬੀ ਜਿੱਤ ਨਾਲ ਸ਼ੁਰੂਆਤ ਕੀਤੀ, ਪਰ ਸਕਾਟਲੈਂਡ ਨੇ ਉਨ੍ਹਾਂ ਨੂੰ ਸਖ਼ਤ ਟੱਕਰ ਦਿੱਤੀ। ਸ਼੍ਰੀਲੰਕਾ ‘ਤੇ ਆਸਾਨ ਜਿੱਤ ਤੋਂ ਬਾਅਦ, ਕੈਰੇਬੀਅਨ ਟੀਮ ਇੰਗਲੈਂਡ ਅਤੇ ਆਇਰਲੈਂਡ ਤੋਂ ਹਾਰਨ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਕੰਢੇ ‘ਤੇ ਸੀ। ਹਾਲਾਂਕਿ, ਨਿਊਜ਼ੀਲੈਂਡ ‘ਤੇ ਇੰਗਲੈਂਡ ਦੀ ਜਿੱਤ ਨੇ ਵੈਸਟ ਇੰਡੀਜ਼ ਨੂੰ ਜੀਵਨ ਰੇਖਾ ਦਿੱਤੀ, ਅਤੇ ਉਹ ਸੈਮੀਫਾਈਨਲ ‘ਚ ਪਹੁੰਚ ਗਏ।
ਦੋਵਾਂ ਟੀਮਾਂ ਵਿਚਕਾਰ ਟੀ-20 ਅੰਤਰਰਾਸ਼ਟਰੀ ਰਿਕਾਰਡ ਪੂਰੀ ਤਰ੍ਹਾਂ ਇਕਪਾਸੜ ਰਿਹਾ ਹੈ। ਹੁਣ ਤੱਕ ਖੇਡੇ ਗਏ 19 ਮੈਚਾਂ ‘ਚ ਆਸਟ੍ਰੇਲੀਆ ਨੇ 17 ਵਾਰ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਕਿ ਵੈਸਟ ਇੰਡੀਜ਼ ਨੇ ਸਿਰਫ ਦੋ ਜਿੱਤੇ ਹਨ।
ਛੇ ਟੀ-20 ਵਿਸ਼ਵ ਕੱਪ ਮੈਚਾਂ ‘ਚ ਵੈਸਟ ਇੰਡੀਜ਼ ਨੇ ਸਿਰਫ ਇੱਕ ਮੈਚ ਜਿੱਤਿਆ ਹੈ। ਹਾਲਾਂਕਿ, ਵੈਸਟ ਇੰਡੀਜ਼ ਦੀ ਇੱਕੋ ਇੱਕ ਜਿੱਤ 2016 ਦੇ ਵਿਸ਼ਵ ਕੱਪ ਫਾਈਨਲ ‘ਚ ਆਈ ਸੀ, ਜਿੱਥੇ ਉਨ੍ਹਾਂ ਨੇ ਆਸਟ੍ਰੇਲੀਆ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਉਸ ਜੇਤੂ ਟੀਮ ਦੇ 11 ਖਿਡਾਰੀਆਂ ‘ਚੋਂ ਪੰਜ ਅਜੇ ਵੀ ਟੀਮ ਦਾ ਹਿੱਸਾ ਹਨ।
Read More: Asian Games: ਏਸ਼ੀਆਈ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ




