ਵਨਡੇ ਵਿਸ਼ਵ ਕੱਪ 2027

4 ਅਕਤੂਬਰ ਤੋਂ ਸ਼ੁਰੂ ਵਨਡੇ ਵਿਸ਼ਵ ਕੱਪ 2027, ਦੱਖਣੀ ਅਫਰੀਕਾ 24 ਸਾਲ ਬਾਅਦ ਕਰੇਗਾ ਮੇਜ਼ਬਾਨੀ

ਸਪੋਰਟਸ, 12 ਜੂਨ 2026: ODI World Cup 2027 Date schedule: ਅੰਤਰਾਸਟਰੀ ਕ੍ਰਿਕਟ ਕੌਂਸਲ ਨੇ ਅਗਾਮੀ ਪੁਰਸ਼ ਵਨਡੇ ਵਿਸ਼ਵ ਕੱਪ 2027 ਦੀਆਂ ਤਾਰੀਖਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਹ ਟੂਰਨਾਮੈਂਟ ਅਗਲੇ ਸਾਲ 4 ਅਕਤੂਬਰ ਤੋਂ 21 ਨਵੰਬਰ ਤੱਕ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ‘ਚ ਖੇਡਿਆ ਜਾਵੇਗਾ। ਕ੍ਰਿਕਟ ਵੈੱਬਸਾਈਟ ਕ੍ਰਿਕਇੰਫੋ ਦੀ ਇੱਕ ਰਿਪੋਰਟ ਦੇ ਮੁਤਾਬਕ, ਪਿਛਲੇ ਮਹੀਨੇ ਅਹਿਮਦਾਬਾਦ ‘ਚ ਹੋਈ ਆਈਸੀਸੀ ਬੋਰਡ ਦੀ ਬੈਠਕ ਵਿੱਚ ਤਾਰੀਖਾਂ ‘ਤੇ ਸਹਿਮਤੀ ਬਣੀ ਸੀ। ਇਸ ਦਾ ਅਧਿਕਾਰਤ ਐਲਾਨ ਜੁਲਾਈ ‘ਚ ਐਡਿਨਬਰਗ ਵਿੱਚ ਆਈਸੀਸੀ ਦੀ ਸਾਲਾਨਾ ਜਨਰਲ ਬੈਠਕ ‘ਚ ਕੀਤਾ ਜਾਵੇਗਾ।

ਵਿਸ਼ਵ ਕੱਪ ਦੇ ਜ਼ਿਆਦਾਤਰ ਮੈਚ ਦੱਖਣੀ ਅਫਰੀਕਾ ਦੇ ਅੱਠ ਸਥਾਨਾਂ ‘ਤੇ ਖੇਡੇ ਜਾਣਗੇ। ਦੱਖਣੀ ਅਫਰੀਕਾ ਵੱਲੋਂ ਟੂਰਨਾਮੈਂਟ ਦੇ 54 ਮੈਚਾਂ ‘ਚੋਂ ਘੱਟੋ-ਘੱਟ 41 ਮੈਚਾਂ ਦੀ ਮੇਜ਼ਬਾਨੀ ਕਰਨ ਦੀ ਉਮੀਦ ਹੈ, ਜਿਸ ‘ਚ ਜ਼ਿੰਬਾਬਵੇ ਅੱਠ ਤੋਂ ਦਸ ਅਤੇ ਨਾਮੀਬੀਆ ਤਿੰਨ ਦੀ ਮੇਜ਼ਬਾਨੀ ਕਰੇਗਾ।

ਇਹ 2003 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਵਨਡੇ ਵਿਸ਼ਵ ਕੱਪ ਦੱਖਣੀ ਅਫਰੀਕਾ ‘ਚ ਹੋਵੇਗਾ। 2003 ਦੇ ਪੁਰਸ਼ ਵਿਸ਼ਵ ਕੱਪ ਤੋਂ ਇਲਾਵਾ, ਦੱਖਣੀ ਅਫਰੀਕਾ ਨੇ 2007 ਟੀ-20 ਵਿਸ਼ਵ ਕੱਪ, 2009 ਚੈਂਪੀਅਨਜ਼ ਟਰਾਫੀ ਅਤੇ 2023 ਮਹਿਲਾ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਹੈ। ਜ਼ਿੰਬਾਬਵੇ ਅਤੇ ਨਾਮੀਬੀਆ ਨੇ ਹਾਲ ਹੀ ‘ਚ ਅੰਡਰ-19 ਵਿਸ਼ਵ ਕੱਪ ਦੀ ਸਹਿ-ਮੇਜ਼ਬਾਨੀ ਕੀਤੀ ਹੈ।

ਵਨਡੇ ਵਿਸ਼ਵ ਕੱਪ 2027 ‘ਚ ਖੇਡਣਗੀਆਂ 14 ਟੀਮਾਂ

2027 ਦਾ ਟੂਰਨਾਮੈਂਟ 14 ਟੀਮਾਂ ਵਿਚਕਾਰ ਖੇਡਿਆ ਜਾਵੇਗਾ। ਸੱਤ ਟੀਮਾਂ ਨੂੰ ਦੋ ਗਰੁੱਪਾਂ ‘ਚ ਵੰਡਿਆ ਜਾਵੇਗਾ। ਹਰੇਕ ਗਰੁੱਪ ‘ਚੋਂ ਤਿੰਨ ਚੋਟੀ ਦੀਆਂ ਟੀਮਾਂ ਸੁਪਰ ਸਿਕਸ ‘ਚ ਜਾਣਗੀਆਂ। ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ ਪਹਿਲਾਂ ਹੀ ਸਿੱਧੇ ਤੌਰ ‘ਤੇ ਪੂਰੇ ਮੈਂਬਰਾਂ ਵਜੋਂ ਕੁਆਲੀਫਾਈ ਕਰ ਚੁੱਕੇ ਹਨ, ਜਦੋਂ ਕਿ ਨਾਮੀਬੀਆ ਨੂੰ ਯੋਗਤਾ ਪ੍ਰਕਿਰਿਆ ‘ਚੋਂ ਲੰਘਣਾ ਪਵੇਗਾ।

ਇਹ ਵਿਸ਼ਵ ਕੱਪ 2027-31 ਫਿਊਚਰ ਟੂਰ ਪ੍ਰੋਗਰਾਮ (FTP) ‘ਚ ਪਹਿਲਾ ਆਈਸੀਸੀ ਈਵੈਂਟ ਹੋਵੇਗਾ। FTP ਦੇ ਵੇਰਵਿਆਂ ਨੂੰ ਇਸ ਸਾਲ ਹਾਂਗਕਾਂਗ ‘ਚ ਆਈਸੀਸੀ ਦੀ ਬੈਠਕ ‘ਚ ਅੰਤਿਮ ਰੂਪ ਦਿੱਤਾ ਜਾਵੇਗਾ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਢਾਂਚੇ ਅਤੇ ਵਿਸਥਾਰ ਬਾਰੇ ਵਿਚਾਰ-ਵਟਾਂਦਰਾ ਜਾਰੀ ਹੈ।

ਇਸ ਤੋਂ ਇਲਾਵਾ, ਆਈਸੀਸੀ ਜਲਦੀ ਹੀ ਇਹ ਫੈਸਲਾ ਕਰੇਗਾ ਕਿ ਕੀ 12 ਪੂਰੇ ਮੈਂਬਰ ਦੇਸ਼, ਜ਼ਿੰਬਾਬਵੇ, ਆਇਰਲੈਂਡ ਅਤੇ ਅਫਗਾਨਿਸਤਾਨ, ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ‘ਚ ਹਿੱਸਾ ਲੈਣਗੇ। ਇਨ੍ਹਾਂ ਦੇਸ਼ਾਂ ਲਈ ਇੱਕ-ਇੱਕ ਟੈਸਟ WTC ਸ਼ਡਿਊਲ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਫੈਸਲਾ ਜੁਲਾਈ ‘ਚ ਐਡਿਨਬਰਗ AGM ‘ਚ ਲਿਆ ਜਾ ਸਕਦਾ ਹੈ।

Read More: BAN ਬਨਾਮ AUS Result: ਬੰਗਲਾਦੇਸ਼ ਨੇ ਪਹਿਲੀ ਵਾਰ ਆਸਟ੍ਰੇਲੀਆ ਨੂੰ ਵਨਡੇ ਸੀਰੀਜ਼ ‘ਚ ਹਰਾਇਆ

ਵਿਦੇਸ਼

Scroll to Top