ਸੰਗਰੂਰ, 30 ਅਪ੍ਰੈਲ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਿੰਡ ਸਤੌਜ ‘ਚ 14.63 ਕਰੋੜ ਰੁਪਏ ਦੇ ਆਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ | ਮੁੱਖ ਮੰਤਰੀ ਨੇ ਕਿਹਾ ਕਿ ਇਸ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਸਮਾਜਿਕ ਦਖਲਅੰਦਾਜ਼ੀ ਵਜੋਂ ਸਤੌਜ ‘ਚ 4.38 ਏਕੜ ‘ਚ ਬਣਨ ਵਾਲਾ ਇਹ ਵਿਸ਼ਵ ਪੱਧਰੀ ਸਟੇਡੀਅਮ ਪੇਸ਼ੇਵਰ ਸਿਖਲਾਈ ਦੀ ਪੇਸ਼ਕਸ਼ ਕਰੇਗਾ ਅਤੇ ਬੈਡਮਿੰਟਨ, ਹੈਂਡਬਾਲ, ਜੂਡੋ, ਨੈੱਟਬਾਲ, ਬਾਸਕਟਬਾਲ, ਵਾਲੀਬਾਲ, ਫੁੱਟਬਾਲ, ਜਿਮਨਾਸਟਿਕ, ਕਬੱਡੀ ਅਤੇ ਕਰਾਟੇ ਸਮੇਤ ਕਈ ਤਰ੍ਹਾਂ ਦੀਆਂ ਖੇਡਾਂ ਦੀ ਮੇਜ਼ਬਾਨੀ ਕਰੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਸਟੇਡੀਅਮ 14.63 ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ। ਇਹ ਸਟੇਡੀਅਮ 4.38 ਏਕੜ ਥਾਂ ‘ਚ ਬਣਾਇਆ ਜਾਵੇਗਾ ਅਤੇ ਇਹ ਕੰਪਲੈਕਸ ਵੱਖ-ਵੱਖ ਖੇਡ ਗਤੀਵਿਧੀਆਂ ਦੀ ਮੇਜ਼ਬਾਨੀ ਕਰੇਗਾ।” ਉਨ੍ਹਾਂ ਨੇ ਕਿਹਾ, “ਸਟੇਡੀਅਮ ‘ਚ 200 ਮੀਟਰ ਦਾ ਅਥਲੈਟਿਕ ਟਰੈਕ, ਦਰਸ਼ਕਾਂ ਅਤੇ ਖਿਡਾਰੀਆਂ ਲਈ ਪਵੇਲੀਅਨ ਅਤੇ ਬਹੁ-ਮੰਤਵੀ ਇੰਡੋਰ ਸਪੋਰਟਸ ਹਾਲ ਹੋਵੇਗਾ।”
ਮੁੱਖ ਮੰਤਰੀ ਨੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਕਿਹਾ, “ਸਟੇਡੀਅਮ ‘ਚ ਬੈਡਮਿੰਟਨ, ਹੈਂਡਬਾਲ, ਜੂਡੋ, ਨੈੱਟਬਾਲ, ਬਾਸਕਟਬਾਲ, ਵਾਲੀਬਾਲ, ਫੁੱਟਬਾਲ, ਜਿਮਨਾਸਟਿਕ, ਕਬੱਡੀ, ਕਰਾਟੇ ਅਤੇ ਹੋਰ ਖੇਡ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ।” ਉਨ੍ਹਾਂ ਕਿਹਾ, “ਇਸ ਸਟੇਡੀਅਮ ‘ਚ ਬੱਚਿਆਂ ਅਤੇ ਨੌਜਵਾਨਾਂ ਨੂੰ ਪੇਸ਼ੇਵਰ ਸਿਖਲਾਈ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ ਇਸ ਵਿਕਾਸ ਨਾਲ ਇਹ ਖੇਤਰ ਖੇਡ ਕੇਂਦਰ ਵਜੋਂ ਉੱਭਰੇਗਾ।” ਉਨ੍ਹਾਂ ਕਿਹਾ, “ਜਦੋਂ ਸਿੱਖਿਆ ਲਈ ਚੰਗਾ ਸਕੂਲ ਅਤੇ ਖੇਡਾਂ ਲਈ ਢੁਕਵਾਂ ਮੈਦਾਨ ਹੁੰਦਾ ਹੈ ਤਾਂ ਇਕ ਬੱਚਾ ਵਿਸ਼ਵ ਪੱਧਰ `ਤੇ ਆਪਣੇ ਪਿੰਡ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦਾ ਹੈ।”
ਉਨ੍ਹਾਂ ਨੇ ਕਿਹਾ, “ਇਹ ਪ੍ਰਾਜੈਕਟ ਪੰਜਾਬ ‘ਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਕੇ ਨਸ਼ਿਆਂ ਦੀ ਰੀੜ੍ਹ ਦੀ ਹੱਡੀ ਨੂੰ ਤੋੜਨ ‘ਚ ਮੱਦਦ ਕਰੇਗਾ ਅਤੇ ਇਹ ਸੂਬੇ ਦੇ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਉਸਾਰੂ ਢੰਗ ਨਾਲ ਵਰਤਣ ‘ਚ ਮੱਦਦ ਕਰੇਗਾ।”
ਭਗਵੰਤ ਸਿੰਘ ਮਾਨ ਨੇ ਕਿਹਾ, “ਅਜਿਹੇ ਸਟੇਡੀਅਮ ਨੌਜਵਾਨਾਂ ਨੂੰ ਨਸ਼ਿਆਂ ਦੇ ਸਰਾਪ ਤੋਂ ਦੂਰ ਰਹਿਣ ਅਤੇ ਨੌਜਵਾਨਾਂ ਨੂੰ ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ‘ਚ ਤਗਮੇ ਜਿੱਤਣ ਦੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਤਸ਼ਾਹਿਤ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
Read More: ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਮੌਨਸੂਨ ਸੀਜ਼ਨ ਤੋਂ ਪਹਿਲਾਂ ਸੀਵਰੇਜ ਦੀ ਸਮੇਂ ਸਿਰ ਸਫਾਈ ਦੇ ਹੁਕਮ




