ਚੰਡੀਗੜ੍ਹ, 30 ਅਪ੍ਰੈਲ, 2026: ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਸਾਰੇ ਨਗਰ ਨਿਗਮ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਆਪਣੇ-ਆਪਣੇ ਅਧਿਕਾਰ ਖੇਤਰਾਂ ‘ਚ ਸੀਵਰੇਜ ਪ੍ਰਣਾਲੀਆਂ ਦੀ ਸਮੇਂ ਸਿਰ ਅਤੇ ਯੋਜਨਾਬੱਧ ਸਫਾਈ ਅਤੇ ਗਾਰ ਕੱਢਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਮੌਨਸੂਨ ਸੀਜ਼ਨ ਤੋਂ ਪਹਿਲਾਂ ਤਿਆਰੀ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ, ਕੈਬਿਨਟ ਮੰਤਰੀ ਨੇ ਕਿਹਾ ਕਿ ਜੇਕਰ ਸਮੇਂ ਸਿਰ ਗਾਰ ਕੱਢਣ ਦਾ ਕੰਮ ਨਹੀਂ ਕੀਤਾ ਜਾਂਦਾ ਹੈ, ਤਾਂ ਸ਼ਹਿਰੀ ਖੇਤਰਾਂ ‘ਚ ਪਾਣੀ ਭਰ ਜਾਂਦਾ ਹੈ, ਸੀਵਰ ਓਵਰਫਲੋ ਹੋ ਜਾਂਦੇ ਹਨ, ਆਵਾਜਾਈ ‘ਚ ਵਿਘਨ ਪੈਂਦਾ ਹੈ ਅਤੇ ਲੋਕਾਂ ਨੂੰ ਕਾਫ਼ੀ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਥਿਤੀਆਂ ਤੋਂ ਬਚਣ ਅਤੇ ਡਰੇਨੇਜ ਪ੍ਰਣਾਲੀ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸਰਗਰਮ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਸੰਜੀਵ ਅਰੋੜਾ ਨੇ ਦੱਸਿਆ ਕਿ ਸੀਵਰ ਦੀ ਸਫਾਈ ਅਤੇ ਗਾਰ ਕੱਢਣ ਦੇ ਠੇਕੇ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ, ਅਤੇ ਸਾਰੇ ਅਧਿਕਾਰੀਆਂ ਨੂੰ ਤੁਰੰਤ ਕੰਮ ਸ਼ੁਰੂ ਕਰਨ ਅਤੇ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਇਸਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੀਵੇਂ ਅਤੇ ਪਾਣੀ ਭਰੇ ਖੇਤਰਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ।
ਸੀਵਰਾਂ ਦੀ ਸਮੇਂ ਸਿਰ ਸਫਾਈ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਇਹ ਮੀਂਹ ਦੇ ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਂਦਾ ਹੈ, ਭਾਰੀ ਮੀਂਹ ਦੌਰਾਨ ਪਾਣੀ ਭਰਨ ਦੇ ਜੋਖਮ ਨੂੰ ਕਾਫ਼ੀ ਘਟਾਉਂਦਾ ਹੈ, ਅਤੇ ਸੀਵਰ ਲਾਈਨ ਓਵਰਫਲੋਅ ਨੂੰ ਰੋਕਦਾ ਹੈ, ਜਿਸ ਨਾਲ ਸ਼ਹਿਰਾਂ ‘ਚ ਸਫਾਈ ਬਣਾਈ ਰੱਖੀ ਜਾਂਦੀ ਹੈ। ਇਹ ਡੇਂਗੂ, ਮਲੇਰੀਆ ਅਤੇ ਹੈਜ਼ਾ ਵਰਗੀਆਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਣ ਨੂੰ ਘਟਾਉਣ ‘ਚ ਵੀ ਮੱਦਦ ਕਰਦਾ ਹੈ।
ਨਿਯਮਤ ਸੀਵਰ ਸਫਾਈ ਬੁਨਿਆਦੀ ਢਾਂਚੇ ਦੀ ਲੰਬੇ ਸਮੇਂ ਦੀ ਸਮੁੱਚੀ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਂਦੀ ਹੈ। ਇਹ ਖੜ੍ਹੇ ਪਾਣੀ ਕਾਰਨ ਸੜਕਾਂ ਅਤੇ ਜਨਤਕ ਜਾਇਦਾਦ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦੀ ਹੈ। ਉਨ੍ਹਾਂ ਹੁਕਮ ਦਿੱਤਾ ਕਿ ਪ੍ਰਗਤੀ ਅਤੇ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਵਿਸਤ੍ਰਿਤ ਰਿਪੋਰਟਾਂ ਛੇਤੀ ਤੋਂ ਛੇਤੀ ਉਨ੍ਹਾਂ ਦੇ ਦਫ਼ਤਰ ‘ਚ ਜਮ੍ਹਾਂ ਕਰਵਾਈਆਂ ਜਾਣ।
Read More: ਲੋਹਾ-ਸਟੀਲ ਟੈਕਸ ਚੋਰੀ ਵਿਰੁੱਧ ਪੰਜਾਬ ਸਰਕਾਰ ਦੀ ਕਾਰਵਾਈ, 200 ਵਾਹਨ ਜ਼ਬਤ ਤੇ 5 ਕਰੋੜ ਰੁਪਏ ਦਾ ਮਾਲ ਬਰਾਮਦ




