ਚੰਡੀਗੜ੍ਹ, 27 ਅਪ੍ਰੈਲ 2026: ਗਰਮੀ ਵਧਣ ਕਰਕੇ ਬਿਜਲੀ ਦੀ ਮੰਗ ‘ਚ ਤੇਜ਼ੀ ਨਾਲ ਅਤੇ ਅਚਾਨਕ ਵਾਧੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੰਜਾਬ ਭਰ 14 ‘ਚ ਨਿਰਵਿਘਨ ਬਿਜਲੀ ਸਪਲਾਈ ਲਈ ਕਦਮ ਚੁੱਕੇ ਹਨ। ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਅੰਦਰ ਬਿਜਲੀ ਦੀ ਮੰਗ 10 ਦਿਨਾਂ ਦੇ ਅੰਦਰ 7,900 ਮੈਗਾਵਾਟ ਤੋਂ ਵੱਧ ਕੇ 12,000 ਮੈਗਾਵਾਟ ਤੋਂ ਵੱਧ ਹੋ ਗਈ ਹੈ, ਪਰ ਚਿੰਤਾ ਦੀ ਕੋਈ ਗੱਲ ਨਹੀਂ, ਪੰਜਾਬ ‘ਚ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ।
ਉਨ੍ਹਾਂ ਕਿਹਾ ਕਿ ਮਿਸ਼ਨ ਰੌਸ਼ਨ ਤਹਿਤ 6,000 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਿਜਲੀ ਬੁਨਿਆਦੀ ਢਾਂਚਾ ਸੁਧਾਰ ਪ੍ਰਾਜਕੈਟ ਅਤੇ ਗੈਰ-ਯੋਜਨਾਬੱਧ ਆਉਟੇਜ ਵਿੱਚ ਲਗਭਗ 70 ਫੀਸਦ ਦੀ ਕਮੀ ਦੇ ਨਾਲ ਪੰਜਾਬ ਰਾਜ ਬਿਜਲੀ ਨਿਗਮ (ਪੀ.ਐਸ.ਪੀ.ਸੀ.ਐਲ.) ਗਰਿੱਡ ਸਥਿਰਤਾ ਨੂੰ ਬਣਾਈ ਰੱਖਣ ‘ਚ ਸਫ਼ਲ ਰਿਹਾ ਹੈ, ਉਹ ਵੀ ਅਜਿਹੇ ਸਮੇਂ ਜਦੋਂ ਦੇਸ਼ ਦੇ ਕਈ ਹਿੱਸਿਆਂ ਨੂੰ ਬਿਜਲੀ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ। ਇਸ ਨਾਲ ਪੰਜਾਬ ਗਰਮੀਆਂ ‘ਚ ਬਿਜਲੀ ਦੀ ਸਿਖ਼ਰ ਮੰਗ ਦੇ ਪ੍ਰਬੰਧਨ ‘ਚ ਤਿਆਰ-ਬਰ-ਤਿਆਰ ਮੋਹਰਲੇ ਸੂਬਿਆਂ ਦੀ ਕਤਾਰ ‘ਚ ਸ਼ਾਮਲ ਹੋ ਗਿਆ ਹੈ।
ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਗਰਮੀ ਦੇ ਮੌਜੂਦਾ ਮੌਸਮ ਦੌਰਾਨ ਬਿਜਲੀ ਦੀ ਮੰਗ ‘ਚ ਅਚਾਨਕ ਵਾਧੇ ਨੂੰ ਪੂਰਾ ਕਰਨ ਅਤੇ ਸੂਬੇ ਭਰ ‘ਚ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਅਚਾਨਕ ਗਰਮੀ ਵਧਣ ਕਰਕੇ ਪੰਜਾਬ ‘ਚ ਪਿਛਲੇ ਕੁਝ ਦਿਨਾਂ ‘ਚ ਬਿਜਲੀ ਦੀ ਮੰਗ ਤੇਜ਼ੀ ਨਾਲ ਵਧੀ ਹੈ। ਸੂਬੇ ‘ਚ ਬਿਜਲੀ ਦੀ ਮੰਗ 15 ਅਪ੍ਰੈਲ ਨੂੰ ਲਗਭਗ 7,900 ਮੈਗਾਵਾਟ ਤੋਂ ਵੱਧ ਕੇ 25 ਅਪ੍ਰੈਲ ਤੱਕ 12,000 ਮੈਗਾਵਾਟ ਤੋਂ ਵੱਧ ਹੋ ਗਈ, ਜੋ ਪਿਛਲੇ ਸਾਲ ਨਾਲੋਂ ਲਗਭਗ 12 ਫੀਸਦ ਵੱਧ ਹੈ।
ਇਸ ਅਚਾਨਕ ਵਾਧੇ ਦੇ ਬਾਵਜੂਦ ਵੀ ਪੀ.ਐਸ.ਪੀ.ਸੀ.ਐਲ. ਨੇ ਸਮੇਂ ਸਿਰ ਯੋਜਨਾਬੰਦੀ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਅਗਾਊਂ ਬਿਜਲੀ ਪ੍ਰਬੰਧਾਂ ਰਾਹੀਂ ਬਿਜਲੀ ਦੀ ਮੰਗ ਨੂੰ ਸਫ਼ਲਤਾਪੂਰਵਕ ਕਾਇਮ ਰੱਖਣ ਦੇ ਨਾਲ-ਨਾਲ ਗਰਿੱਡ ਸਥਿਰਤਾ ਬਣਾਈ ਰੱਖੀ ਹੈ।
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੇਸ਼ ਭਰ ਦੇ ਹਲਾਤਾਂ ਬਾਰੇ ਕਿਹਾ ਕਿ ਕੌਮੀ ਪੱਧਰ ‘ਤੇ ਵੀ ਬਿਜਲੀ ਦੀ ਮੰਗ ਰਿਕਾਰਡ ਪੱਰਰ ‘ਤੇ ਹੈ ਅਤੇ ਦੇਸ਼ ਨੇ 24 ਅਪ੍ਰੈਲ ਨੂੰ 252 ਗੀਗਾਵਾਟ ਦੀ ਸਭ ਤੋਂ ਵੱਧ ਮੰਗ ਦਰਜ ਕੀਤੀ, ਜਦੋਂ ਕਿ ਉਪਲਬੱਧ ਸਪਲਾਈ ਲਗਭਗ 239 ਗੀਗਾਵਾਟ ਸੀ, ਜਿਸ ਨਾਲ 13 ਗੀਗਾਵਾਟ ਦੀ ਕਮੀ ਪੈਦਾ ਹੋਈ। ਕਈ ਸੂਬੇ ਬਿਜਲੀ ਦੀ ਘਾਟ ਅਤੇ ਕੱਟਾਂ ਦਾ ਸਾਹਮਣਾ ਕਰ ਰਹੇ ਹਨ, ਪਰ ਸਰਗਰਮ ਯੋਜਨਾਬੰਦੀ ਦੇ ਚਲਦਿਆਂ ਪੰਜਾਬ ਦੀ ਸਥਿਤੀ ਮੁਕਾਬਲਤਨ ਤੌਰ ‘ਤੇ ਬਿਹਤਰ ਕਾਫ਼ੀ ਬਿਹਤਰ ਹੈ।
ਪੰਜਾਬ ਸਰਕਾਰ ਨੇ ਬਿਜਲੀ ਮੰਤਰੀ ਅਤੇ ਸਮੁੱਚੀ ਪੀ.ਐਸ.ਪੀ.ਸੀ.ਐਲ. ਟੀਮ ਨੂੰ ਨਿਰਦੇਸ਼ ਦਿੱਤੇ ਹਨ ਕਿ ਪਾਵਰ ਆਊਟੇਜ ਕਰਕੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ, ਜਿਸ ਤਹਿਤ ਸਾਰੇ ਵਿਭਾਗ ਮਿਸ਼ਨ ਮੋਡ ‘ਚ ਕੰਮ ਕਰ ਰਹੇ ਹਨ। ਸੰਜੀਵ ਅਰੋੜਾ ਨੇ ਕਿਹਾ ਕਿ ਦੂਜੇ ਸੂਬਿਆਂ ਨਾਲ ਬੈਂਕਿੰਗ ਪ੍ਰਬੰਧਾਂ ਰਾਹੀਂ 1,500 ਤੋਂ 2,000 ਮੈਗਾਵਾਟ ਵਾਧੂ ਬਿਜਲੀ ਸਬੰਧੀ ਗੱਲਬਾਤ ਅਗਲੇ ਪੜਾਅ ‘ਚ ਹੈ।
ਉਨ੍ਹਾਂ ਨੇ ਕਿਹਾ ਕਿ 2025 ਦੇ ਹੜ੍ਹਾਂ ਦੌਰਾਨ ਨੁਕਸਾਨੇ ਗਏ ਸੂਬੇ ਦੇ ਹਾਈਡਲ ਪਲਾਂਟਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਛੇਤੀ ਹੀ ਹੋਰ 300 ਮੈਗਾਵਾਟ ਵਾਧੂ ਸਮਰੱਥਾ ਉਪਲਬੱਧ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਅਤੇ ਨਿੱਜੀ ਸਰੋਤਾਂ ਤੋਂ ਵਾਧੂ ਖਰੀਦ ਨਾਲ ਲਗਭਗ 1,500 ਮੈਗਾਵਾਟ ਵਾਧੂ ਬਿਜਲੀ ਸਪਲਾਈ ਲਈ ਰਾਹ ਪੱਧਰਾ ਹੋਇਆ ਹੈ। ਇਸ ਤੋਂ ਇਲਾਵਾ ਪੰਜਾਬ ਕੇਂਦਰ ਸਰਕਾਰ ਦੇ ਪਾਵਰ ਪੂਲ ਤੋਂ 2,000 ਮੈਗਾਵਾਟ ਵਾਧੂ ਬਿਜਲੀ ਪ੍ਰਾਪਤ ਕਰਨ ਦੀ ਤਿਆਰੀ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਰੀ ਉਪਲਬੱਧ ਸਰਪਲੱਸ ਬਿਜਲੀ ਪ੍ਰਾਪਤ ਕਰਨ ਲਈ ਕੰਪੈਟਿਟਿਵ ਸ਼ਾਰਟ-ਟਰਮ ਟੈਂਡਰ ਜਾਰੀ ਕਰ ਦਿੱਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਧੇਰੇ ਬਿਜਲੀ ਉਪਲਬਧਤਾ ਨੂੰ ਉਤਸ਼ਾਹਿਤ ਕਰਨ ਲਈ ਦੋ ਮਹੀਨਿਆਂ ਵਾਸਤੇ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਵ੍ਹੀਲਿੰਗ ਚਾਰਜ ਅਤੇ ਕਰਾਸ ਸਬਸਿਡੀ ਦੀ ਛੋਟ ਦਿੱਤੀ ਜਾ ਰਹੀ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਮਿਸ਼ਨ ਰੌਸ਼ਨ ਪੰਜਾਬ ਤਹਿਤ ਸੂਬੇ ਭਰ ‘ਚ ਬਿਜਲੀ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਅਤੇ ਮਜ਼ਬੂਤ ਕਰਨ ਲਈ ਇੱਕ 6,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮੁਕੰਮਲ ਕੀਤੇ ਅਤੇ ਚੱਲ ਰਹੇ ਮੁੱਖ ਕੰਮਾਂ ‘ਚ: 70 ਨਵੇਂ ਸਬ-ਸਟੇਸ਼ਨ ਸਥਾਪਤ ਕੀਤੇ ਜਾ ਰਹੇ ਹਨ, 200 ਮੌਜੂਦਾ ਸਬ-ਸਟੇਸ਼ਨਾਂ ਦੀ ਅਪਗ੍ਰੇਡੇਸ਼ਨ, 8,000 ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ (ਡੀਟੀਜ਼) ਦੀ ਸਥਾਪਨਾ/ਅਪਗ੍ਰੇਡੇਸ਼ਨ, ਓਵਰਲੋਡਿੰਗ ਨਾਲ ਸਬੰਧਤ ਨੁਕਸ ਘਟਾਉਣ ਲਈ ਪਹਿਲਾਂ ਹੀ 688 ਫੀਡਰ ਡੀ-ਲੋਡ ਕਰ ਦਿੱਤੇ ਗਏ ਹਨ, ਲਗਭਗ 41,000 ਨਵੇਂ ਡੀਟੀਜ਼ ਸਥਾਪਿਤ ਕੀਤੇ ਗਏ ਹਨ ਅਤੇ 8,380 ਡੀਟੀਜ਼ ਦੀ ਅਪਗ੍ਰੇਡੇਸ਼ਨ ਕੀਤੀ ਹੈ, 7 ਨਵੇਂ 66 ਕੇਵੀ ਸਬ-ਸਟੇਸ਼ਨ ਚਾਲੂ ਕੀਤੇ ਹਨ ਅਤੇ 82 ਪਾਵਰ ਟ੍ਰਾਂਸਫਾਰਮਰ ਪੂਰੀ ਤਰ੍ਹਾਂ ਮੁਕੰਮਲ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਨੇ ਪਿਛਲੇ ਸਾਲ ਦੇ ਮੁਕਾਬਲੇ ਗੈਰ-ਯੋਜਨਾਬੱਧ ਬਿਜਲੀ ਆਊਟੇਜ ਨੂੰ ਵੀ ਕਾਫ਼ੀ ਹੱਦ ਤੱਕ ਘਟਾਇਆ ਹੈ। ਅਪ੍ਰੈਲ ਦੇ ਤੀਜੇ ਹਫ਼ਤੇ ਤੱਕ ਗੈਰ-ਯੋਜਨਾਬੱਧ ਆਊਟੇਜ ਲਗਭਗ 70 ਫੀਸਦ ਘਟ ਕੇ ਸਾਲ 2025 ‘ਚ 13,271 ਤੋਂ 2026 ‘ਚ 3,974 ਰਹਿ ਗਈ ਹੈ, ਜੋ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਚੱਲ ਰਹੇ ਕਾਰਜਾਂ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ।
Read More: ਪੰਜਾਬ ‘ਚ 1 ਮਈ ਤੋਂ ਬਿਜਲੀ ਦੀ ਕੋਈ ਕਮੀ ਨਹੀਂ ਹੋਵੇਗੀ: ਸੰਜੀਵ ਅਰੋੜਾ




