ਕੈਨੇਡਾ, 27 ਅਪ੍ਰੈਲ 2026: ਕੈਨੇਡਾ ਦੇ ਓਨਟਾਰੀਓ ਦੇ ਵੁੱਡਸਟਾਕ ‘ਚ ਇੱਕ ਬਜ਼ੁਰਗ ਸਿੱਖ ਵਿਅਕਤੀ ‘ਤੇ ਨਸਲੀ ਟਿੱਪਣੀਆਂ ਕਰਦੇ ਹੋਏ ਹਮਲਾ ਕੀਤਾ ਗਿਆ। ਮੁਲਜ਼ਮ ਵਿਅਕਤੀ ਨੇ ਪੀੜਤ ਨੂੰ ਧੱਕਾ ਦਿੱਤਾ ਅਤੇ ਕੈਨੇਡਾ ਛੱਡਣ ਦੀ ਗੱਲ ਆਖੀ | ਪੁਲਿਸ ਨੇ ਇਸ ਘਟਨਾ ਨੂੰ ਨਫ਼ਰਤ ਅਪਰਾਧ ਵਜੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੁੱਡਸਟਾਕ ਪੁਲਿਸ ਦੇ ਮੁਤਾਬਕ, ਇਹ ਘਟਨਾ 22 ਅਪ੍ਰੈਲ ਨੂੰ ਵਾਪਰੀ ਸੀ। ਜਦੋਂ ਸਿੱਖ ਵਿਅਕਤੀ ਫੁੱਟਪਾਥ ‘ਤੇ ਤੁਰ ਰਿਹਾ ਸੀ, ਤਾਂ ਇੱਕ ਨੌਜਵਾਨ ਨੇ ਬਿਨਾਂ ਕਿਸੇ ਭੜਕਾਹਟ ਦੇ ਉਸਨੂੰ ਰੋਕਿਆ ਅਤੇ ਧੱਕਾ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਨਾ ਸਿਰਫ਼ ਉਸ ‘ਤੇ ਹਮਲਾ ਕੀਤਾ ਬਲਕਿ ਪੀੜਤ ਦੀ ਜਾਤੀ ਬਾਰੇ ਅਪਮਾਨਜਨਕ ਅਤੇ ਨਸਲੀ ਟਿੱਪਣੀਆਂ ਵੀ ਕੀਤੀਆਂ। ਹਾਲਾਂਕਿ, ਹਮਲੇ ‘ਚ ਬਜ਼ੁਰਗ ਵਿਅਕਤੀ ਨੂੰ ਕੋਈ ਗੰਭੀਰ ਸਰੀਰਕ ਸੱਟਾਂ ਨਹੀਂ ਲੱਗੀਆਂ।
ਜਾਂਚ ‘ਚ ਇਹ ਵੀ ਸਾਹਮਣੇ ਆਇਆ ਕਿ ਘਟਨਾ ਤੋਂ ਬਾਅਦ, ਉਕਤ ਵਿਅਕਤੀ ਨੇੜਲੇ ਟਰਟਲ ਆਈਲੈਂਡ ਸਕੂਲ ਦੀ ਚਾਰਦੀਵਾਰੀ ਤੋਂ ਛਾਲ ਮਾਰ ਗਿਆ, ਕੈਂਪਸ ‘ਚ ਦਾਖਲ ਹੋਇਆ ਅਤੇ ਫਿਰ ਬਾਹਰ ਨਿਕਲ ਗਿਆ। ਪੁਲਿਸ ਨੇ ਸਪੱਸ਼ਟ ਕੀਤਾ ਕਿ ਘਟਨਾ ਦੌਰਾਨ ਕਿਸੇ ਵੀ ਵਿਦਿਆਰਥੀ ਨੂੰ ਨੁਕਸਾਨ ਨਹੀਂ ਪਹੁੰਚਿਆ। ਪੁਲਿਸ ਦੇ ਅਨੁਸਾਰ, ਘਟਨਾ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਹਨ, ਜਿਸ ‘ਚ ਮੁਲਜ਼ ਵਾਰ-ਵਾਰ ਨਸਲੀ ਟਿੱਪਣੀਆਂ ਦੀ ਵਰਤੋਂ ਕਰਦੇ ਸੁਣਿਆ ਜਾ ਸਕਦਾ ਹੈ।
ਵੁੱਡਸਟਾਕ ਪੁਲਿਸ ਨੇ ਦੱਸਿਆ ਕਿ ਜਾਂਚ ਪੂਰੀ ਹੋਣ ਤੋਂ ਬਾਅਦ, ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ‘ਚ ਹੈ। ਪੁਲਿਸ ਨੇ ਕਿਹਾ ਕਿ ਸਾਡੇ ਭਾਈਚਾਰੇ ‘ਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਅਜਿਹੇ ਮਾਮਲਿਆਂ ‘ਚ ਸਖ਼ਤ ਕਾਰਵਾਈ ਕੀਤੀ ਜਾਵੇਗੀ, ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਵਿਸ਼ਵ ਸਿੱਖ ਸੰਗਠਨ (ਡਬਲਯੂਐਸਓ) ਨੇ ਇਸ ਘਟਨਾ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਸੰਗਠਨ ਨੇ ਇਸਨੂੰ ਅਸਵੀਕਾਰਨਯੋਗ ਦੱਸਿਆ ਅਤੇ ਵੁੱਡਸਟਾਕ ਪੁਲਿਸ ਦੀ ਤੇਜ਼ ਕਾਰਵਾਈ ਦੀ ਸ਼ਲਾਘਾ ਕੀਤੀ।
Read More: ਦਬਾਅ ਤੇ ਧਮਕੀਆਂ ਹੇਠ ਅਮਰੀਕਾ ਨਾਲ ਜ਼ਬਰਦਸਤੀ ਗੱਲਬਾਤ ਨਹੀਂ ਕਰਾਂਗੇ: ਈਰਾਨ



