ਜਗਰਾਉਂ, 11 ਅਪ੍ਰੈਲ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਗਰਾਉਂ ਜਾ ਕੇ ਮਥੁਰਾ ਨੇੜੇ ਕਿਸ਼ਤੀ ਪਲਟਣ ਦੀ ਦੁਖਦਾਈ ਘਟਨਾ ‘ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਨਾਲ ਦੁੱਖ ਵੰਡਾਇਆ | ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਸੰਕਟ ਦੀ ਇਸ ਘੜੀ ‘ਚ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਨੇ ਘਟਨਾ ਦੌਰਾਨ ਹੋਏ ਜਾਨੀ ਨੁਕਸਾਨ ‘ਤੇ ਡੂੰਘਾ ਦੁੱਖ ਪ੍ਰਗਟ ਕਰਦੇ ਕਿਹਾ ਕਿ ਵ੍ਰਿੰਦਾਵਣ ਦੀ ਯਾਤਰਾ ਦੌਰਾਨ ਯਮੁਨਾ ਨਦੀ ‘ਚ ਪੀੜਤਾਂ ਦੀ ਕਿਸ਼ਤੀ ਪਲਟ ਗਈ, ਜਿਸ ‘ਚੋਂ ਹੁਣ ਤੱਕ 11 ਲਾਸ਼ਾਂ ਬਰਾਮਦ ਹੋਈਆਂ ਹਨ ਅਤੇ 4 ਲਾਪਤਾ ਵਿਅਕਤੀਆਂ ਦੀ ਭਾਲ ਜਾਰੀ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਉੱਤਰ ਪ੍ਰਦੇਸ਼ ਸਰਕਾਰ ਦੇ ਸੰਪਰਕ ‘ਚ ਹੈ ਅਤੇ ਪੰਜਾਬ ਵੱਲੋਂ ਬਚਾਅ ਕਾਰਜਾਂ ‘ਚ ਸਹਾਇਤਾ ਲਈ ਗੋਤਾਖੋਰਾਂ ਦੀਆਂ ਟੀਮਾਂ ਪਹਿਲਾਂ ਹੀ ਭੇਜੀਆਂ ਜਾ ਚੁੱਕੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਧਾਰਮਿਕ ਸਥਾਨਾਂ ‘ਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਹਰ ਕੀਮਤ ‘ਤੇ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭਵਿੱਖ ‘ਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਅਜਿਹੇ ਦੁਖਾਂਤ ਰੋਕਣ ਲਈ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਉਠਾਇਆ ਹੈ। ਮੁੱਖ ਮੰਤਰੀ ਨੇ ਕਿਹਾ, “ਇਸ ਦੁਖਾਂਤ ‘ਚ ਬਚੇ ਲੋਕਾਂ ਨੂੰ ਜ਼ਰੂਰੀ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮਥੁਰਾ ਨੇੜੇ ਵਾਪਰੀ ਮੰਦਭਾਗੀ ਘਟਨਾ ‘ਚ ਕੀਮਤੀ ਜਾਨਾਂ ਦੇ ਨੁਕਸਾਨ ‘ਤੇ ਬੇਹੱਦ ਦੁੱਖ ਹੋਇਆ ਹੈ। ਮੇਰੀ ਦਿਲੀ ਹਮਦਰਦੀ ਉਨ੍ਹਾਂ ਪਰਿਵਾਰਾਂ ਦੇ ਨਾਲ ਹੈ, ਜਿਨ੍ਹਾਂ ਨੇ ਇਸ ਦੁਖਾਂਤ ‘ਚ ਆਪਣਿਆਂ ਨੂੰ ਗੁਆ ਦਿੱਤਾ ਹੈ। ਪੀੜਤ ਵ੍ਰਿੰਦਾਵਣ ਵਿਖੇ ਮੱਥਾ ਟੇਕਣ ਜਾ ਰਹੇ ਸਨ, ਜਦੋਂ ਉਨ੍ਹਾਂ ਨੂੰ ਲਿਜਾ ਰਹੀ ਕਿਸ਼ਤੀ ਯਮੁਨਾ ਨਦੀ ‘ਚ ਪਲਟ ਗਈ।”
ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਭਵਿੱਖ ‘ਚ ਅਜਿਹੇ ਪਵਿੱਤਰ ਸਥਾਨਾਂ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਹ ਜ਼ਰੂਰੀ ਹੈ ਕਿ ਸਬੰਧਤ ਸੂਬਾ ਸਰਕਾਰਾਂ ਵੱਲੋਂ ਜਨਤਕ ਮਹੱਤਤਾ ਵਾਲੇ ਸਥਾਨਾਂ ‘ਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣ।”
ਮੁੱਖ ਮੰਤਰੀ ਮਾਨ ਨੇ ਕਿਹਾ, “ਮੈਂ ਜਾਨਾਂ ਗੁਆਉਣ ਵਾਲਿਆਂ ਦੇ ਪੀੜਤ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ‘ਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰਾਂ ਨੂੰ ਇਹ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਣ ਦਾ ਬਲ ਬਖਸ਼ਣ।
Read More: ਮਥੁਰਾ ‘ਚ ਯਮੁਨਾ ਨਦੀ ਹਾਦਸੇ ‘ਤੇ CM ਭਗਵੰਤ ਸਿੰਘ ਮਾਨ ਨੇ ਦੁੱਖ ਜਤਾਇਆ




