ਮੈਨੇਜਰ ਸ਼ਗਨਪ੍ਰੀਤ ਦਾ ਪਿਤਾ

ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ ਸ਼ਗਨਪ੍ਰੀਤ ਦਾ ਪਿਤਾ ਫਿਰੌਤੀ ਮੰਗਣ ਦੇ ਕਥਿਤ ਦੋਸ਼ ‘ਚ ਗ੍ਰਿਫਤਾਰ

ਖੰਨਾ, 31 ਮਾਰਚ 2026: ਖੰਨਾ ‘ਚ ਪੁਲਿਸ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਥਿਤ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਸਰਾਓ ਨੂੰ 1 ਕਰੋੜ ਰੁਪਏ ਦੀ ਕਥਿਤ ਫਿਰੌਤੀ ਮੰਗਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ, ਇਸ ਮਾਮਲੇ ‘ਚ ਦੋਵੇਂ ਪਿਤਾ-ਪੁੱਤਰ ਦੋਇ ਸ਼ਮੂਲੀਅਤ ਸਾਹਮਣੇ ਆਈ ਹੈ |

ਇਹ ਮਾਮਲਾ ਪਾਇਲ ਇਲਾਕੇ ਦਾ ਹੈ, ਜਿੱਥੇ ਹਾਲ ਹੀ ‘ਚ ਇੱਕ ਆੜ੍ਹਤੀਏ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਗੈਂਗਸਟਰ ਡੋਨੀ ਬਲ ਹੋਣ ਦਾ ਦਾਅਵਾ ਕਰਨ ਵਾਲੇ ਨੇ ਪੀੜਤ ਨੂੰ ਧਮਕੀ ਦਿੱਤੀ। ਸ਼ਿਕਾਇਤ ਤੋਂ ਬਾਅਦ, ਖੰਨਾ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ।

ਇਸ ਦੌਰਾਨ, ਸ਼ਗਨਪ੍ਰੀਤ ਸਿੰਘ ਦੀ ਮਾਂ ਦਲਜੀਤ ਕੌਰ ਨੇ ਚੰਡੀਗੜ੍ਹ ਦੇ ਡੀਜੀਪੀ ਕੋਲ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਨੇ ਉਸਦੇ ਪਤੀ ਸੌਦਾਗਰ ਸਿੰਘ ਨੂੰ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ‘ਚ ਲਿਆ ਹੈ ਅਤੇ ਉਸਦੀ ਜਾਨ ਨੂੰ ਖ਼ਤਰਾ ਹੈ। ਉਸਨੇ ਡੀਜੀਪੀ ਤੋਂ ਮੰਗ ਕੀਤੀ ਹੈ ਕਿ ਉਸਦੀ ਸੁਰੱਖਿਅਤ ਰਿਹਾਈ ਹੋਵੇ ਅਤੇ ਸਬੰਧਤ ਪੁਲਿਸ ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।

ਡੀਐਸਪੀ ਮੋਹਿਤ ਸਿੰਗਲਾ ਮੁਤਾਬਕ ਕੁਝ ਦਿਨ ਪਹਿਲਾਂ, ਅੰਮ੍ਰਿਤਸਰ ਦੇ ਬਿਆਸ ਦੇ ਵਸਨੀਕ ਬਲਵਿੰਦਰ ਸਿੰਘ ਉਰਫ਼ ਡੋਨੀ ਬਲ ਨੇ ਪਾਇਲ ਇਲਾਕੇ ਦੇ ਇੱਕ ਵਪਾਰੀ ਨੂੰ ਫਿਰੌਤੀ ਲਈ ਫੋਨ ਕੀਤਾ ਸੀ। ਜਾਣਕਾਰੀ ਮਿਲਣ ‘ਤੇ, ਪਾਇਲ ਪੁਲਿਸ ਸਟੇਸ਼ਨ ‘ਚ ਮੁਲਜ਼ਮ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਸ੍ਰੀ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸ਼ਗਨਪ੍ਰੀਤ ਸਿੰਘ ਵੀ ਇਸ ਘਟਨਾ ‘ਚ ਕਥਿਤ ਤੌਰ ‘ਤੇ ਸ਼ਾਮਲ ਸੀ। ਸ਼ਗਨਪ੍ਰੀਤ ਸਿੰਘ ਇਸ ਸਮੇਂ ਆਸਟ੍ਰੇਲੀਆ ‘ਚ ਰਹਿੰਦਾ ਹੈ | ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਨੂੰ ਇਸ ਮਾਮਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Read More: ਪੰਜਾਬ ਪੁਲਿਸ ਬੇੜੇ ‘ਚ 508 ਐਮਰਜੈਂਸੀ ਰਿਸਪਾਂਸ ਵਾਹਨ ਸ਼ਾਮਲ, CM ਭਗਵੰਤ ਮਾਨ ਨੇ ਦਿਖਾਈ ਹਰੀ ਝੰਡੀ

ਵਿਦੇਸ਼

Scroll to Top