ਸਕੂਲ ਆਫ਼ ਐਮੀਨੈਂਸ

Patiala News: ਹਰਜੋਤ ਸਿੰਘ ਬੈਂਸ ਵੱਲੋਂ ਪਟਿਆਲਾ ਦੇ ਸਕੂਲ ਆਫ਼ ਐਮੀਨੈਂਸ ਦਾ ਅਚਾਨਕ ਦੌਰਾ

ਪਟਿਆਲਾ, 10 ਫਰਵਰੀ 2026: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਵੇਰੇ ਪਟਿਆਲਾ ਜ਼ਿਲ੍ਹੇ ਦੇ ਭਾਦਸੋਂ ‘ਚ ਸਕੂਲ ਆਫ਼ ਐਮੀਨੈਂਸ ਦਾ ਅਚਾਨਕ ਦੌਰਾ ਕੀਤਾ | ਇਸ ਦੌਰਾਨ ਪੰਜਾਬ ਸਿੱਖਿਆ ਕ੍ਰਾਂਤੀ’ ਦੇ ਹਿੱਸੇ ਵਜੋਂ ਸਿੱਖਿਆ ਮੰਤਰੀ ਨੇ ਚੱਲ ਰਹੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਅਤੇ ਵਿਦਿਆਰਥੀਆਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕੀਤੀ।

ਸਕੂਲ ਦੇ ਦੌਰੇ ਦੌਰਾਨ ਹਰਜੋਤ ਸਿੰਘ ਬੈਂਸ ਨੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੀ ਪ੍ਰਗਤੀ ਦਾ ਨੇੜਿਓਂ ਜਾਇਜ਼ਾ ਲਿਆ। ਉਨ੍ਹਾਂ ਨੇ ਸਕੂਲ ‘ਚ ਸਿੱਖਿਆ ਦੀ ਗੁਣਵੱਤਾ ਅਤੇ ਸਹੂਲਤਾਂ ਬਾਰੇ ਫੀਡਬੈਕ ਇਕੱਤਰ ਕਰਨ ਲਈ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ।

ਹਰਜੋਤ ਸਿੰਘ ਬੈਂਸ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਇੱਕ ਅਤਿ-ਆਧੁਨਿਕ ਇਨਡੋਰ ਸਪੋਰਟਸ ਕੰਪਲੈਕਸ ਦੇ ਨਿਰਮਾਣ ਦਾ ਵੀ ਨਿਰੀਖਣ ਕੀਤਾ। 90 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਇਹ ਸਕੂਲ 2,000 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਹੈ, ਜਿਸ ‘ਚ ਇੱਕ ਕਬੱਡੀ ਮੈਟ ਅਤੇ ਇੱਕ ਕੁਸ਼ਤੀ ਮੈਟ ਸ਼ਾਮਲ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮਾਨ ਸਰਕਾਰ ਲਈ ਸਿੱਖਿਆ ਇੱਕ ਤਰਜੀਹ ਹੈ। ਸਾਡੇ ‘ਸਕੂਲ ਆਫ਼ ਐਮੀਨੈਂਸ’ ਸਿਰਫ਼ ਇਮਾਰਤਾਂ ਨਹੀਂ ਹਨ; ਇਹ ਭਵਿੱਖ ਦੇ ਆਗੂਆਂ ਅਤੇ ਪੇਸ਼ੇਵਰਾਂ ਦੀ ਨੀਂਹ ਹਨ। ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦਾ ਸਰਕਾਰੀ ਸਕੂਲਾਂ ‘ਚ ਦਾਖਲਾ ਸਾਡੀਆਂ ਨੀਤੀਆਂ ਅਤੇ ਸਾਡੇ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸਿੱਖਿਆ ਦੀ ਗੁਣਵੱਤਾ ਦਾ ਸਿੱਧਾ ਪ੍ਰਮਾਣ ਹੈ।”

ਸਿੱਖਿਆ ਮੰਤਰੀ ਨੇ ਕਿਹਾ, “ਸਿੱਖਿਆ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਸਾਡੇ ਵਿਦਿਆਰਥੀਆਂ ‘ਚ ਨਿਵੇਸ਼ ਕਰਨਾ ਪੰਜਾਬ ਅਤੇ ਦੇਸ਼ ਦੇ ਭਵਿੱਖ ‘ਚ ਨਿਵੇਸ਼ ਕਰਨ ਦੇ ਬਰਾਬਰ ਹੈ।” ਸਕੂਲ ਪ੍ਰਿੰਸੀਪਲ ਪ੍ਰੀਤਇੰਦਰ ਘਈ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦੱਸਿਆ ਕਿ ਇਸ ਅਕਾਦਮਿਕ ਸਾਲ ‘ਚ ਸਕੂਲ ਦੇ ਦਾਖਲੇ ‘ਚ 11 ਫੀਸਦੀ ਦਾ ਵਾਧਾ ਹੋਇਆ ਹੈ ਅਤੇ 200 ਤੋਂ ਵੱਧ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਆਏ ਹਨ, ਜੋ ਕਿ ਸਰਕਾਰੀ ਸਿੱਖਿਆ ਪ੍ਰਣਾਲੀ ‘ਚ ਮਾਪਿਆਂ ਦੇ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ 400 ਤੋਂ ਵੱਧ ਵਿਦਿਆਰਥੀ ਛੇ ਸਕੂਲ ਬੱਸਾਂ ਰਾਹੀਂ ਆਵਾਜਾਈ ਸਹੂਲਤਾਂ ਦਾ ਲਾਭ ਉਠਾ ਰਹੇ ਹਨ |

Read More: ਡਾ. ਬਲਜੀਤ ਕੌਰ ਵੱਲੋਂ ਨਵ-ਨਿਯੁਕਤ ਭਲਾਈ ਬੋਰਡ ਚੇਅਰਪਰਸਨਾਂ ਨਾਲ ਪਹਿਲੀ ਅਧਿਕਾਰਕ ਬੈਠਕ

ਵਿਦੇਸ਼

Scroll to Top