ਚੰਡੀਗੜ੍ਹ, 10 ਫਰਵਰੀ 2026: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਮਿਸ਼ਨ ਵੱਲੋਂ ਭੇਜੇ ਨੋਟਿਸ ਨੂੰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਚੰਡੀਗੜ੍ਹ ਸਥਿਤ ਸੈਕਟਰ-8 ਅਤੇ ਸੈਕਟਰ-39 ਦੇ ਨਿਵਾਸ ਸਥਾਨ ਦੇ ਘਰੇਲੂ ਮੁਲਾਜ਼ਮਾਂ ਵੱਲੋਂ ਲੈਣ ਤੋਂ ਇਨਕਾਰ ਕਰ ਦਿੱਤਾ। ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਖਿਲਾਫ਼ ਕੀਤੀ ਜਾਤੀ ਸੂਚਿਕ ਟਿੱਪਣੀ ਬਾਬਤ ਐਸ.ਸੀ. ਕਮਿਸ਼ਨ ਵੱਲੋਂ ਲਏ ਸੂ ਮੋਟੋ ਨੋਟਿਸ ਸੰਬੰਧੀ ਕਮਿਸ਼ਨ ਦਾ ਮੁਲਾਜ਼ਮ ਦੋ ਵਾਰ ਪ੍ਰਤਾਪ ਸਿੰਘ ਬਾਜਵਾ ਦੇ ਘਰ ਜਾ ਚੁੱਕਾ ਹੈ।
ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪਹਿਲਾਂ ਤਰਨ ਤਾਰਨ ਚੋਣਾਂ ਦੌਰਾਨ ਨੋਟਿਸ ਜਾਰੀ ਕੀਤਾ ਸੀ ਅਤੇ ਹੁਣ ਫਿਰ 90 ਦਿਨਾਂ ਦੇ ‘ਚ ‘ਚ ਇੱਕ ਹੋਰ ਮਾਮਲੇ ‘ਚ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਵੱਲੋਂ ਆਪਣੇ ਇਸ ਬਿਆਨ ਰਾਹੀਂ ਜਿੱਥੇ ਆਪਣੀ ਸੋਚ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਨਾਲ ਹੀ ਕਾਂਗਰਸ ਪਾਰਟੀ ਦੇ ਦਲਿਤ ਵਿਰੋਧੀ ਡੀ.ਐਨ.ਏ. ਦਾ ਚਿਹਰਾ ਮੋਹਰਾ ਵੀ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਦਲਿਤ ਵਿਰੋਧੀ ਮਾਨਸਿਕਤਾ ਦਾ ਆਪਣੇ ਬਿਆਨਾਂ ਰਾਹੀਂ ਪ੍ਰਗਟਾਵਾ ਕਰ ਚੁੱਕੇ ਹਨ ਤੇ ਕਮਿਸ਼ਨ ਛੇਤੀ ਉਨ੍ਹਾਂ ਖ਼ਿਲਾਫ ਵੀ ਕਾਰਵਾਈ ਕਰਨ ਜਾ ਰਿਹਾ ਹੈ।
ਜਸਵੀਰ ਗੜ੍ਹੀ ਨੇ ਕਿਹਾ ਕਿ ਹਰਭਜਨ ਸਿੰਘ ਈ.ਟੀ.ਓ. ਨੇ ਆਪਣੇ ਜੀਵਨ ‘ਚ ਮੁਸ਼ਕਿਲਾਂ ਦੇ ਬਾਵਜੂਦ ਐਮ.ਏ., ਬੀ.ਐੱਡ. ਕਰਨ ਤੋਂ ਬਾਅਦ ਬੱਚਿਆਂ ਨੂੰ ਸਿੱਖਿਆ ਦੇਣ ਦਾ ਕਾਰਜ ਕੀਤਾ ਅਤੇ ਫਿਰ ਪੰਜਾਬ ਵੱਕਾਰੀ ਪੀ.ਸੀ.ਐਸ. ਦੀ ਪ੍ਰੀਖਿਆ ਪਾਸ ਕਰਕੇ ਈ.ਟੀ.ਓ. ਬਣ ਕੇ ਸੇਵਾਵਾਂ ਨਿਭਾਈਆਂ।
ਐੱਸਸੀ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦਲਿਤਾਂ ਨੂੰ ਸਿਰਫ ਜ਼ਲਾਲਤ ਹੀ ਦਿੱਤੀ ਹੈ, ਜਿਸ ਦੇ ਅਨੇਕਾਂ ਸਬੂਤ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਮਹਾਨ ਸੰਵਿਧਾਨ ਦੇਣ ਬਾਰੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ ਰਾਹ ਰੋਕਣ ਲਈ ਕਾਂਗਰਸ ਪਾਰਟੀ ਨੇ ਅਨੇਕਾਂ ਕੋਸ਼ਿਸ਼ਾਂ ਕੀਤੀਆਂ।
ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਸੰਵਿਧਾਨ ਸਭਾ ‘ਚ ਐਂਟਰੀ ਰੋਕਣ ਲਈ ਕਾਂਗਰਸ ਪਾਰਟੀ ਨੇ ਅਨੇਕਾਂ ਕੋਸ਼ਿਸ਼ਾਂ ਕੀਤੀਆਂ | ਇਸ ਤੋਂ ਬਾਅਦ ਜਿਸ ਇਲਾਕੇ ਤੋਂ ਬਾਬਾ ਸਾਹਿਬ ਚੋਣ ਜਿੱਤ ਕੇ ਆਏ ਉਸ ਇਲਾਕੇ ਨੂੰ 58 ਫੀਸਦੀ ਗੈਰ ਮੁਸਲਿਮ ਆਬਾਦੀ ਹੋਣ ਦੇ ਬਾਵਜੂਦ ਨੂੰ ਦੇ ਦਿੱਤਾ, ਜਦਕਿ ਵੰਡ ਦੌਰਾਨ ਨਿਯਮ ਸੀ ਕਿ ਜਿਸ ਇਲਾਕੇ ਦੀ 50 ਫੀਸਦ ਤੋਂ ਵੱਧ ਆਬਾਦੀ ਗੈਰ ਮੁਸਲਿਮ ਹੋਵੇਗੀ ਉਹ ਇਲਾਕਾ ਹਿੰਦੁਸਤਾਨ ਨੂੰ ਦੇ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਦਲਿਤਾਂ ਨੂੰ ਸਾਈਮਨ ਕਮਿਸ਼ਨ ਵੱਲੋਂ ਦਿੱਤੇ ਜਾ ਰਹੇ ਅਧਿਕਾਰਾਂ ਨੂੰ ਖਤਮ ਕਰਵਾਉਣ ਲਈ ਕਾਂਗਰਸ ਪਾਰਟੀ ਨੇ ਹਰ ਹਰਬਾ ਵਰਤਿਆ ਅਤੇ ਅਖੀਰ ‘ਚ ਸਾਈਮਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋਣ ਤੋਂ ਰੋਕਣ ਲਈ ਮਹਾਤਮਾ ਗਾਂਧੀ ਨੇ ਪੂਣੇ ਜੇਲ੍ਹ ‘ਚ ਮਰਨ ਵਰਤ ਰੱਖ ਲਿਆ, ਜਿਸ ਕਾਰਨ ਬਾਬਾ ਸਾਹਿਬ ਨੂੰ ਦਲਿਤਾਂ ਨੂੰ ਮਿਲ ਰਹੇ ਦੋਹਰੇ ਵੋਟ ਅਧਿਕਾਰ ਨੂੰ ਛੱਡਣਾ ਪਿਆ।
ਉਨ੍ਹਾਂ ਨੇਕਿਹਾ ਕਿ ਅੱਜ-ਕੱਲ੍ਹ ਕਾਂਗਰਸ ਪਾਰਟੀ ਦੇ ਆਗੂ ਇਹ ਪ੍ਰਚਾਰ ਕਰਦੇ ਫਿਰਦੇ ਹਨ ਕਿ ਦਲਿਤਾਂ ਨੂੰ ਕਾਂਗਰਸ ਪਾਰਟੀ ਨੇ ਬਹੁਤ ਕੁੱਝ ਦਿੱਤਾ ਹੈ, ਜਦਕਿ ਸੱਚਾਈ ਇਹ ਹੈ ਕਿ ਭਾਰਤ ਦੇ ਦਲਿਤਾਂ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਅਤੇ ਭਾਰਤੀ ਸੰਵਿਧਾਨ ਨੇ ਅਧਿਕਾਰ ਦਿੱਤੇ ਹਨ।
ਅਖੀਰ ‘ਚ ਉਨ੍ਹਾਂ ਕਿਹਾ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਦੀ ਭਾਰਤੀ ਸੰਵਿਧਾਨ ‘ਚ ਆਸਥਾ ਹੈ ਤਾਂ ਉਹ ਐਸ.ਸੀ.ਕਮਿਸ਼ਨ ਵੱਲੋਂ ਦਿੱਤੇ ਇਸ ਨੋਟਿਸ ਸਬੰਧੀ 11 ਫਰਵਰੀ 2026 ਨੂੰ ਬਾਦ ਦੁਪਹਿਰ 3 ਵਜੇ ਆਪਣਾ ਸਪੱਸ਼ਟੀਕਰਨ ਐਸ.ਸੀ. ਕਮਿਸ਼ਨ ਦੇ ਦਫਤਰ ਵਿਖੇ ਆ ਕੇ ਦੇ ਦੇਣ।
Read More: ਨਾਬਾਲਗ ਲੜਕੀ ਨਾਲ ਕੁੱਟਮਾਰ ਦੇ ਮਾਮਲੇ ‘ਚ SC ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ




