ਦੇਸ਼, 26 ਦਸੰਬਰ 2025: ਭਾਰਤ ਸਰਕਾਰ ਨੇ ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨਾਲ ਸਬੰਧਤ ਮਾਮਲਿਆਂ ‘ਚ ਆਪਣੇ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਲਈ ਆਪਣੀ ਪੂਰੀ ਵਚਨਬੱਧਤਾ ਨੂੰ ਇੱਕ ਵਾਰ ਫਿਰ ਦੁਹਰਾਇਆ ਹੈ। ਵਿਦੇਸ਼ ਮੰਤਰਾਲੇ ਨੇ ਵੀਜ਼ਾ ਮੁਸ਼ਕਿਲਾਂ, ਸੁਰੱਖਿਆ ਚਿੰਤਾਵਾਂ, ਭਗੌੜੇ ਅਪਰਾਧੀਆਂ ਦੀ ਵਾਪਸੀ ਅਤੇ ਵਿਦੇਸ਼ਾਂ ‘ਚ ਭਾਰਤੀ ਵਿਦਿਆਰਥੀਆਂ ਦੀ ਮੌਤ ਵਰਗੇ ਮੁੱਦਿਆਂ ‘ਤੇ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਸਰਕਾਰ ਨੂੰ H-1B ਵੀਜ਼ਾ ਮੁਲਾਕਾਤਾਂ ਨੂੰ ਵਾਰ-ਵਾਰ ਮੁੜ-ਨਿਰਧਾਰਤ ਕਰਨ ਸੰਬੰਧੀ ਕਈ ਸ਼ਿਕਾਇਤਾਂ ਮਿਲੀਆਂ ਹਨ। ਇਸ ਦੇ ਨਤੀਜੇ ਵਜੋਂ ਵੱਡੀ ਗਿਣਤੀ ‘ਚ ਭਾਰਤੀ ਨਾਗਰਿਕ ਲੰਬੇ ਸਮੇਂ ਲਈ ਵਿਦੇਸ਼ਾਂ ‘ਚ ਫਸੇ ਹੋਏ ਹਨ, ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਅਤੇ ਬੱਚਿਆਂ ਦੀ ਸਿੱਖਿਆ ‘ਤੇ ਗੰਭੀਰ ਪ੍ਰਭਾਵ ਪੈ ਰਿਹਾ ਹੈ।
H-1B ਵੀਜ਼ਾ ‘ਤੇ ਵਧਦੀਆਂ ਚਿੰਤਾਵਾਂ
ਬੁਲਾਰੇ ਨੇ ਕਿਹਾ ਕਿ ਵੀਜ਼ਾ ਨਾਲ ਸਬੰਧਤ ਮੁੱਦੇ ਕਿਸੇ ਵੀ ਦੇਸ਼ ਦੇ ਪ੍ਰਭੂਸੱਤਾ ਅਧਿਕਾਰ ਖੇਤਰ ‘ਚ ਆਉਂਦੇ ਹਨ, ਪਰ ਭਾਰਤ ਨੇ ਨਵੀਂ ਦਿੱਲੀ ਅਤੇ ਵਾਸ਼ਿੰਗਟਨ, ਡੀਸੀ ਦੋਵਾਂ ‘ਚ ਸੰਯੁਕਤ ਰਾਜ ਅਮਰੀਕਾ ਨਾਲ ਆਪਣੀਆਂ ਚਿੰਤਾਵਾਂ ਉਠਾਈਆਂ ਹਨ। ਭਾਰਤੀ ਨਾਗਰਿਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਘਟਾਉਣ ਲਈ ਸੰਯੁਕਤ ਰਾਜ ਅਮਰੀਕਾ ਨਾਲ ਨਿਰੰਤਰ ਗੱਲਬਾਤ ਚੱਲ ਰਹੀ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵੱਡੀ ਗਿਣਤੀ ‘ਚ ਭਾਰਤੀ ਬਿਨੈਕਾਰਾਂ ਦੇ ਪਹਿਲਾਂ ਤੋਂ ਤਹਿ ਕੀਤੇ ਗਏ H-1B ਵੀਜ਼ਾ ਇੰਟਰਵਿਊ ਅਚਾਨਕ ਰੱਦ ਜਾਂ ਮੁਲਤਵੀ ਕਰ ਦਿੱਤੇ ਗਏ ਹਨ, ਜਿਸ ਕਾਰਨ ਕਾਫ਼ੀ ਅਸੁਵਿਧਾ ਹੋਈ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਕਈ ਭਾਰਤੀ ਨਾਗਰਿਕਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ‘ਚ ਕਿਹਾ ਗਿਆ ਹੈ ਕਿ ਉਹ ਵੀਜ਼ਾ ਇੰਟਰਵਿਊਆਂ ਨੂੰ ਮੁੜ ਤਹਿ ਕਰਨ ਕਾਰਨ ਲੰਬੇ ਸਮੇਂ ਤੋਂ ਭਾਰਤ ‘ਚ ਫਸੇ ਹੋਏ ਹਨ ਅਤੇ ਆਪਣੀਆਂ ਨੌਕਰੀਆਂ ‘ਤੇ ਜਾਣ ਲਈ ਅਮਰੀਕਾ ਵਾਪਸ ਨਹੀਂ ਆ ਸਕਦੇ।
ਭਾਰਤੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਦਸੰਬਰ ਦੇ ਅੱਧ ਤੋਂ H-1B ਵੀਜ਼ਾ ਬਿਨੈਕਾਰਾਂ ਲਈ ਤਹਿ ਕੀਤੇ ਗਏ ਇੰਟਰਵਿਊ ਅਚਾਨਕ ਕਈ ਮਹੀਨਿਆਂ ਲਈ ਮੁਲਤਵੀ ਕਰ ਦਿੱਤੇ ਹਨ। ਕੁਝ ਬਿਨੈਕਾਰਾਂ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਇੰਟਰਵਿਊ ਹੁਣ ਅਗਲੇ ਸਾਲ ਮਈ ਤੱਕ ਵਧਾ ਦਿੱਤੇ ਗਏ ਹਨ। ਇਹ ਫੈਸਲਾ ਕਥਿਤ ਤੌਰ ‘ਤੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਅਤੇ ਔਨਲਾਈਨ ਗਤੀਵਿਧੀਆਂ ਦੀ ਵਾਧੂ ਜਾਂਚ ਦੇ ਕਾਰਨ ਲਿਆ ਗਿਆ ਹੈ।
ਇਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੀਜ਼ਾ ਨਾਲ ਸਬੰਧਤ ਫੈਸਲੇ ਕਿਸੇ ਵੀ ਦੇਸ਼ ਦੇ ਪ੍ਰਭੂਸੱਤਾ ਅਧਿਕਾਰ ਖੇਤਰ ‘ਚ ਆਉਂਦੇ ਹਨ, ਪਰ ਭਾਰਤ ਨੇ ਨਵੀਂ ਦਿੱਲੀ ਅਤੇ ਵਾਸ਼ਿੰਗਟਨ, ਡੀਸੀ ਦੋਵਾਂ ‘ਚ ਅਮਰੀਕਾ ਨਾਲ ਇਹ ਮੁੱਦਾ ਉਠਾਇਆ ਹੈ।
ਆਸਟ੍ਰੇਲੀਆ ਦੀ ਘਟਨਾ ‘ਤੇ ਬਿਆਨ
ਰਣਧੀਰ ਜੈਸਵਾਲ ਨੇ ਵੀ ਆਸਟ੍ਰੇਲੀਆ ਦੇ ਬੌਂਡੀ ਬੀਚ ‘ਚ ਹੋਈ ਅੱ.ਤ.ਵਾ.ਦੀ ਘਟਨਾ ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਦੀਆਂ ਗਤੀਵਿਧੀਆਂ ਤੋਂ ਜਾਣੂ ਹੈ ਅਤੇ ਇਸ ਮਾਮਲੇ ‘ਚ ਸਬੰਧਤ ਵਿਦੇਸ਼ੀ ਏਜੰਸੀਆਂ ਦੇ ਸੰਪਰਕ ‘ਚ ਹੈ।
ਭਗੌੜੇ ਅਪਰਾਧੀਆਂ ਦੀ ਵਾਪਸੀ ‘ਤੇ ਜ਼ੋਰ
ਵਿਦੇਸ਼ ਮੰਤਰਾਲੇ ਨੇ ਦੁਹਰਾਇਆ ਕਿ ਭਾਰਤ ਉਨ੍ਹਾਂ ਸਾਰਿਆਂ ਨੂੰ ਵਾਪਸ ਲਿਆਉਣ ਲਈ ਵਚਨਬੱਧ ਹੈ ਜੋ ਦੇਸ਼ ‘ਚ ਕਾਨੂੰਨ ਤੋਂ ਬਚ ਰਹੇ ਹਨ ਅਤੇ ਵਿਦੇਸ਼ਾਂ ਵਿੱਚ ਲੁਕੇ ਹੋਏ ਹਨ। ਇਸ ਲਈ ਕਈ ਦੇਸ਼ਾਂ ਨਾਲ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਬੁਲਾਰੇ ਨੇ ਕਿਹਾ ਕਿ ਹਵਾਲਗੀ ਪ੍ਰਕਿਰਿਆ ‘ਚ ਕਈ ਕਾਨੂੰਨੀ ਪੜਾਅ ਸ਼ਾਮਲ ਹਨ, ਪਰ ਸਰਕਾਰ ਦਾ ਇਰਾਦਾ ਸਪੱਸ਼ਟ ਹੈ ਕਿ ਅਜਿਹੇ ਵਿਅਕਤੀ ਭਾਰਤ ਵਾਪਸ ਆਉਣ ਅਤੇ ਅਦਾਲਤਾਂ ਵਿੱਚ ਮੁਕੱਦਮੇ ਦਾ ਸਾਹਮਣਾ ਕਰਨ।
ਕੈਨੇਡਾ ‘ਚ ਭਾਰਤੀ ਵਿਦਿਆਰਥੀ ਦੀ ਮੌਤ
ਵਿਦੇਸ਼ ਮੰਤਰਾਲੇ ਨੇ ਕੈਨੇਡਾ ‘ਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਰਣਧੀਰ ਜੈਸਵਾਲ ਨੇ ਕਿਹਾ ਕਿ ਸਰਕਾਰ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨਾਲ ਸੰਪਰਕ ‘ਚ ਹੈ ਅਤੇ ਮੌਤ ਦੇ ਹਾਲਾਤਾਂ ਬਾਰੇ ਸਥਾਨਕ ਅਧਿਕਾਰੀਆਂ ਤੋਂ ਜਾਣਕਾਰੀ ਮੰਗ ਰਹੀ ਹੈ। ਭਾਰਤੀ ਦੂਤਾਵਾਸ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ।
Read More: ਟਰੰਪ ਦੇ ਫੰਡਿੰਗ ਵਾਲੇ ਬਿਆਨ ‘ਤੇ MEA ਦਾ ਜਵਾਬ, “ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਵਿਦੇਸ਼ੀ ਦਖਲਅੰਦਾਜ਼ੀ ਚਿੰਤਾਜਨਕ”




