ਚੰਡੀਗੜ੍ਹ, 22 ਦਸੰਬਰ 2025: ਪੰਜਾਬ ਸਰਕਾਰ ਨੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਸਰਦੀਆਂ ਦੇ ਮੌਸਮ ਦੌਰਾਨ ਧੁੰਦ ਕਾਰਨ ਹੋਣ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਦੀ ਰੋਕਥਾਮ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਦੀ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸੂਬੇ ਭਰ ‘ਚ ਸੁਰੱਖਿਅਤ ਸਕੂਲ ਵਾਹਨ ਨੀਤੀ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਦੇ ਹੁਕਮ ਦਿੱਤੇ ਹਨ।
ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮਾਨ ਸਰਕਾਰ ਦੀ ਸਪਸ਼ਟ ਨੀਤੀ ਹੈ ਕਿ ਪੰਜਾਬ ਦਾ ਹਰ ਬੱਚਾ ਸੁਰੱਖਿਅਤ ਮਾਹੌਲ ‘ਚ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਵਾਪਸ ਪਹੁੰਚੇ। ਇਸ ਕਰਕੇ ਸਰਦੀਆਂ ਅਤੇ ਧੁੰਦ ਦੇ ਮੌਸਮ ਦੌਰਾਨ ਸਕੂਲ ਵਾਹਨਾਂ ਨਾਲ ਸੰਬੰਧਿਤ ਸਾਰੇ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੀ ਸੇਫ਼ ਸਕੂਲ ਵਾਹਨ ਨੀਤੀ ਅਧੀਨ ਪੰਜਾਬ ਭਰ ‘ਚ ਸਕੂਲ ਵਾਹਨਾਂ ਦੀ ਨਿਯਮਤ ਚੈਕਿੰਗ ਕੀਤੀ ਜਾਵੇਗੀ ਅਤੇ ਨੀਤੀ ਦੇ ਸਾਰੇ ਨਿਰਧਾਰਿਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਾਵ ਕੀਤਾ ਜਾ ਸਕੇ।
ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਧੁੰਦ ਦੇ ਮੌਸਮ ਦੌਰਾਨ ਸਕੂਲ ਵਾਹਨਾਂ ਦੇ ਸੁਰੱਖਿਅਤ ਸੰਚਾਲਨ ਲਈ ਵਿਜ਼ੀਬਿਲਟੀ ਯਕੀਨੀ ਬਣਾਉਣਾ, ਵਾਹਨਾਂ ਦੀ ਗਤੀ ਘਟਾਉਣਾ, ਰਿਫਲੈਕਟਰਾਂ ਦੀ ਵਰਤੋਂ ਅਤੇ ਹੈੱਡਲਾਈਟਸ ਤੇ ਫੋਗ ਲਾਈਟਸ ਚਾਲੂ ਰੱਖਣਾ ਲਾਜ਼ਮੀ ਕੀਤਾ ਹੈ। ਇਸ ਸਬੰਧੀ ਡਰਾਈਵਰਾਂ ਅਤੇ ਸਕੂਲ ਪ੍ਰਬੰਧਕਾਂ ਨੂੰ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ।
ਡਾ. ਬਲਜੀਤ ਕੌਰ ਨੇ ਸਕੂਲਾਂ ਨੂੰ ਸਖ਼ਤ ਦਿੰਦੇ ਹੋਏ ਕਿਹਾ ਕਿ ਜੇਕਰ ਧੁੰਦ ਕਾਰਨ ਸਕੂਲੀ ਵਾਹਨ ਦੇਰੀ ਨਾਲ ਸਕੂਲ ਪਹੁੰਚਦੇ ਹਨ, ਤਾਂ ਕਿਸੇ ਵੀ ਤਰ੍ਹਾਂ ਦਾ ਦਬਾਅ ਨਾ ਬਣਾਇਆ ਜਾਵੇ। ਸਥਿਤੀ ਨੂੰ ਸਮਝਦਿਆਂ ਸਕੂਲੀ ਵਾਹਨਾਂ ‘ਚ ਸਫ਼ਰ ਕਰ ਰਹੇ ਬੱਚਿਆਂ ਅਤੇ ਮੁਲਾਜ਼ਮਾਂ ਦੀ ਜਾਨੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਕੀਮਤ ‘ਤੇ ਬੱਚਿਆਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ।
Read More: ਪੰਜਾਬ ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਇਜ਼ਰਾਇਲੀ ਡਿਪਲੋਮੈਟ ਨਾਲ ਮੁਲਾਕਾਤ




