ਸਤੌਜ (ਸੰਗਰੂਰ), 20 ਦਸੰਬਰ 2025: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਆਪਣੇ ਜੱਦੀ ਪਿੰਡ ਸਤੌਜ ਵਿਖੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ | ਮੁੱਖ ਮੰਤਰੀ ਮਾਨ ਨੇ ਆਪਣੇ ਦੌਰੇ ਦੌਰਾਨ ਪੰਚਾਇਤੀ ਪ੍ਰਤੀਨਿਧੀਆਂ ਅਤੇ ਹੋਰ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ |
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਜੱਦੀ ਪਿੰਡ’ਚ ਬਿਤਾਏ ਪਲ ਉਨ੍ਹਾਂ ਲਈ ਬਹੁਤ ਖੁਸ਼ੀ ਲਿਆਉਂਦੇ ਹਨ ਅਤੇ ਉਹ ਹਮੇਸ਼ਾ ਪਿੰਡ ਦੇ ਅਥਾਹ ਪਿਆਰ ਲਈ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਸਾਰੇ ਪਿੰਡਾਂ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਵਿਕਾਸ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਕੁਝ ਆਗੂ, ਆਪਣੇ ਸਵਾਰਥੀ ਹਿੱਤਾਂ ਲਈ, ਪਿੰਡਾਂ ‘ਚ ਵੰਡੀਆਂ ਪਾਉਂਦੇ ਹਨ, ਅਤੇ ਧੜੇਬੰਦੀ ਪਿੰਡ ਦੇ ਵਿਕਾਸ ‘ਚ ਰੁਕਾਵਟ ਪਾਉਂਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ, ਸਕੂਲ ਪ੍ਰਿੰਸੀਪਲ ਅਤੇ ਅਧਿਆਪਕ ਸਿੰਗਾਪੁਰ ਅਤੇ ਫਿਨਲੈਂਡ ਤੋਂ ਵਿਸ਼ਵ ਪੱਧਰੀ ਸਿਖਲਾਈ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਈਆਈਐਮ ਅਹਿਮਦਾਬਾਦ ਵਿਖੇ ਅਧਿਆਪਕਾਂ ਨੂੰ ਉੱਨਤ ਕੋਚਿੰਗ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਰਚ 2022 ਤੋਂ ਬਾਅਦ, 58,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ |
ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ‘ਚ ਕੀਤੇ ਗਏ ਨਵੇਂ ਬਦਲਾਅ ਨੂੰ ਗਰੀਬਾਂ ਅਤੇ ਸੂਬਿਆਂ ਨੂੰ ਤਬਾਹ ਕਰਨ ਵਾਲਾ ਕਦਮ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਸਕੀਮ ਤਹਿਤ 40 ਪ੍ਰਤੀਸ਼ਤ ਫੰਡਿੰਗ ਸੂਬਿਆਂ ‘ਤੇ ਸਰ ਪਾ ਦਿੱਤਾ ਹੈ, ਜਦੋਂ ਕਿ ਕੇਂਦਰ ਸਰਕਾਰ ਪਹਿਲਾਂ ਹੀ ਸੂਬਿਆਂ ਨੂੰ ਪੂਰਾ ਫੰਡ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਆਂ ਤਬਦੀਲੀਆਂ ਤਹਿਤ, ਨਰੇਗਾ ਵਰਕਰ ਸਕੂਲ, ਬਾਜ਼ਾਰ, ਨਾਲੀਆਂ ਆਦਿ ਨਹੀਂ ਬਣਾ ਸਕਦੇ, ਜੋ ਕਿ ਪਿੰਡਾਂ ਦਾ ਸਿੱਧਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਚਾਲਾਂ ਅਪਣਾ ਕੇ, ਕੇਂਦਰ ਸਰਕਾਰ ਅਸਲ ‘ਚ ਇਸ ਸਕੀਮ ਨੂੰ ਬੰਦ ਕਰਨਾ ਚਾਹੁੰਦੀ ਹੈ।
Read More: ਪੰਜਾਬ ਸਰਕਾਰ ਫੋਨਾਂ ਤੋਂ ਬੱਸ ਟਿਕਟਾਂ ਬੁੱਕ ਕਰਨ ਸੰਬੰਧੀ ਨਵੀਂ ਐਪ ਕਰੇਗੀ ਲਾਂਚ




