Punjab News

ਅਮਨ ਅਰੋੜਾ ਨੇ ਨਵਿਆਉਣਯੋਗ ਊਰਜਾ ਖੇਤਰ ‘ਚ ਪ੍ਰਗਤੀ ਬਾਰੇ ਦਿੱਤੀ ਜਾਣਕਾਰੀ

ਚੰਡੀਗੜ੍ਹ, 20 ਦਸੰਬਰ 2025: ਪੰਜਾਬ ਦੇ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਸਾਲ 2025 ਦੌਰਾਨ ਨਵਿਆਉਣਯੋਗ ਖੇਤਰ ‘ਚ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਖੇਤੀ ਰਹਿੰਦ-ਖੂੰਹਦ ਅਤੇ ਸੌਰ ਊਰਜਾ ਦੀ ਵਰਤੋਂ ਜ਼ਰੀਏ ਪੰਜਾਬ ਨੂੰ ਸੁਹਾਵਣੇ ਤੇ ਸਿਹਤਮੰਦ ਭਵਿੱਖ ਵੱਲ ਲਿਜਾਇਆ ਜਾ ਰਿਹਾ ਹੈ।

ਕੈਬਿਨਟ ਮੰਤਰੀ ਅਮਨ ਅਰੋੜਾ ਕਿਹਾ ਕਿ ਹੁਣ ਸੂਰਜ ਤੋਂ ਘਰਾਂ ਅਤੇ ਖੇਤਾਂ ਨੂੰ ਊਰਜਾ ਮਿਲ ਰਹੀ ਹੈ, ਖੇਤੀ ਰਹਿੰਦ-ਖੂੰਹਦ ਤੋਂ ਸਾਫ਼-ਸੁਥਰੇ ਈਂਧਣ ਵਜੋਂ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੇਡਾ ਨੇ ਆਪਣੀਆਂ ਵਿਕਾਸ-ਮੁਖੀ ਨੀਤੀਆਂ ਨਾਲ ਪੰਜਾਬ ਦੇ ਟਿਕਾਊ ਭਵਿੱਖ ਦੀ ਸਿਰਜਣਾ ਵੱਲ ਪੁਲਾਂਘ ਪੁੱਟੀ ਹੈ।

ਅਮਨ ਅਰੋੜਾ ਨੇ ਕਿਹਾ ਕਿ ਜੁਲਾਈ 2025 ‘ਚ ਬਠਿੰਡਾ ਦੇ ਪਿੰਡ ਭਾਗੀ ਬਾਂਦਰ ‘ਚ 4 ਮੈਗਾਵਾਟ ਸਮਰੱਥਾ ਦਾ ਇੱਕ ਗਰਾਊਂਡ -ਮਾਊਂਟਿਡ ਸੋਲਰ ਪਾਵਰ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ ਅਤੇ ਬਠਿੰਡਾ ਦੇ ਕੋਠੇ ਮੱਲੂਆਣਾ ਅਤੇ ਸ਼ੇਰਗੜ੍ਹ ‘ਚ 4-4 ਮੈਗਾਵਾਟ ਦੋ ਸੋਲਰ ਪਾਵਰ ਪ੍ਰੋਜੈਕਟ ਲਗਾਏ ਜਾ ਰਹੇ ਹਨ। ਪੇਡਾ ਨੇ ਖੇਤੀਬਾੜੀ ਖੇਤਰ ਨੂੰ ਕਾਰਬਨ ਮੁਕਤ ਕਰਨ ਲਈ ਬਠਿੰਡਾ ਜ਼ਿਲ੍ਹੇ ਦੇ ਪੀਰਕੋਟ ਫੀਡਰ ‘ਤੇ ਸੋਲਰ ਗਰਿੱਡ-ਕੁਨੈਕਟਿਡ 16 ਖੇਤੀਬਾੜੀ ਪੰਪ ਵੀ ਲਗਾਏ ਹਨ ਅਤੇ 4 ਹੋਰ ਪੰਪ ਸਥਾਪਤ ਕੀਤੇ ਜਾ ਰਹੇ ਹਨ।

ਪੇਡਾ ਨੇ ਪੰਜਾਬ ਭਰ ‘ਚ ਵੱਖ-ਵੱਖ ਥਾਵਾਂ ‘ਤੇ 4,850 ਆਫ-ਗਰਿੱਡ ਸਟੈਂਡਅਲੋਨ ਸੋਲਰ ਵਾਟਰ ਪੰਪ ਲਗਾਏ ਹਨ। ਮਾਡਲ ਸੋਲਰ ਵਿਲੇਜ (ਪਿੰਡ) ਯੋਜਨਾ ਤਹਿਤ ਸਵੈ-ਨਿਰਭਰ ਊਰਜਾ ਹੱਬ ‘ਚ ਬਦਲਣ ਲਈ 277 ਪਿੰਡਾਂ ਦੀ ਪਛਾਣ ਕੀਤੀ ਗਈ ਹੈ। ਇਸ ਸਾਲ ਪੰਜਾਬ ਦੀਆਂ 148 ਸਰਕਾਰੀ ਇਮਾਰਤਾਂ ‘ਤੇ 2.6 ਮੈਗਾਵਾਟ ਦੇ ਰੂਫ਼ਟਾਪ ਸੋਲਰ ਪਾਵਰ ਪਲਾਂਟ ਲਗਾਏ ਅਤੇ 4,169 ਤੋਂ ਵੱਧ ਸੋਲਰ ਸਟਰੀਟ ਲਾਈਟਾਂ 299 ਪਿੰਡਾਂ ਨੂੰ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 65 ਪਿੰਡਾਂ ‘ਚ ਹੋਰ 1,221 ਸੋਲਰ ਸਟਰੀਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ 822 ਟਨ ਸੀਬੀਜੀ ਪ੍ਰਤੀ ਦਿਨ ਦੀ ਕੁੱਲ ਸਮਰੱਥਾ ਵਾਲੇ 57 ਕੰਪ੍ਰੈਸਡ ਬਾਇਓਗੈਸ (ਸੀਬੀਜੀ) ਪ੍ਰੋਜੈਕਟ ਅਲਾਟ ਕੀਤੇ ਹਨ। ਇਹ ਪ੍ਰੋਜੈਕਟ ਚਾਲੂ ਹੋਣ ‘ਤੇ ਸਾਲਾਨਾ 27 ਲੱਖ ਟਨ ਤੋਂ ਵੱਧ ਪਰਾਲੀ ਦੀ ਖਪਤ ਕਰਨਗੇ। ਇਸ ਤੋਂ ਇਲਾਵਾ ਕੁੱਲ 107.48 ਟੀਪੀਡੀ ਸਮਰੱਥਾ ਵਾਲੇ 6 ਸੀਬੀਜੀ ਪ੍ਰੋਜੈਕਟ ਚਾਲੂ ਹਨ। ਇਸਦੇ ਨਾਲ ਹੀ 5 ਕੰਪ੍ਰੈਸਡ ਬਾਇਓ-ਗੈਸ ਪਲਾਂਟ ਅਤੇ ਬਠਿੰਡਾ ‘ਚ 1 ਬਾਇਓ-ਈਥੇਨੌਲ ਫੈਸਿਲਟੀ ਸਥਾਪਨਾ ਤੋਂ ਬਾਅਦ ਸਾਲਾਨਾ 3.3 ਲੱਖ ਟਨ ਤੋਂ ਵੱਧ ਪਰਾਲੀ ਦੀ ਖਪਤ ਹੋਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਇੱਕ ਵਿਲੱਖਣ ਅਤੇ ਟਿਕਾਊ ਊਰਜਾ ਬੁਨਿਆਦੀ ਢਾਂਚਾ ਤਿਆਰ ਕਰ ਰਿਹਾ ਹੈ। ਇਸਦੇ ਨਾਲ ਹੀ 40 ਮੈਗਾਵਾਟ ਦਾ ਕੈਨਲ-ਟਾਪ ਸੋਲਰ ਪ੍ਰੋਜੈਕਟ ਬਿਜਲੀ ਪੈਦਾ ਕਰਨ ਦੇ ਨਾਲ-ਨਾਲ ਭੂਮੀ ਸੰਭਾਲ ਅਤੇ ਪਾਣੀ ਦੀ ਬਚਤ ਨੂੰ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਬਟਾਲਾ ਸ਼ੂਗਰ ਮਿੱਲ ਵਿਖੇ 14 ਮੈਗਾਵਾਟ ਦਾ ਸਹਿ-ਉਤਪਾਦਨ ਪਲਾਂਟ ਅਤੇ ਧਾਰੀਵਾਲ ‘ਚ 2 ਮੈਗਾਵਾਟ ਦਾ ਮਿੰਨੀ ਹਾਈਡਲ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਹਰ ਨਵਿਆਉਣਯੋਗ ਸਰੋਤ ਦੀ ਕੁਸ਼ਲ ਵਰਤੋਂ ਨੂੰ ਦਰਸਾਉਂਦਾ ਹੈ।

ਅਮਨ ਅਰੋੜਾ ਨੇ ਦੱਸਿਆ ਕਿ ਐਨਈਸੀਏ 2025 ਤਹਿਤ ਸਟੇਟ ਪਰਫਾਰਮੈਂਸ ਐਵਾਰਡ (ਗਰੁੱਪ-3) ‘ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੱਥੋਂ ਪੇਡਾ ਨੂੰ ਦੂਜੇ ਐਵਾਰਡ ਨਾਲ ਸਨਮਾਨ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਹਰੇਕ ਪ੍ਰੋਜੈਕਟ ਊਰਜਾ ਖੇਤਰ ‘ਚ ਸਵੈ-ਨਿਰਭਰਤਾ, ਆਰਥਿਕ ਮਜ਼ਬੂਤੀ ਅਤੇ ਸਾਫ਼-ਸੁਥਰੇ ਵਾਤਾਵਰਣ ਵੱਲ ਇੱਕ ਸੋਚਿਆ-ਸਮਝਿਆ ਤੇ ਪ੍ਰਭਾਵਸ਼ਾਲੀ ਕਦਮ ਹੈ।

Read More: ਪੰਜਾਬ ਸਰਕਾਰ ਫੋਨਾਂ ਤੋਂ ਬੱਸ ਟਿਕਟਾਂ ਬੁੱਕ ਕਰਨ ਸੰਬੰਧੀ ਨਵੀਂ ਐਪ ਕਰੇਗੀ ਲਾਂਚ

ਵਿਦੇਸ਼

Scroll to Top